—191 ਦੇਸ਼ਾਂ ਦਾ ਦੌਰਾ ਅਤੇ ਦੋ ਲੱਖ ਕਿਲੋਮੀਟਰ ਦਾ ਸਾਈਕਲ ਸਫ਼ਰ ਕਰ ਚੁੱਕੇ ਹਨ ਸੋਮੇਨ ਦੇਬਨਾਥ
ਬਟਾਲਾ—ਦੂਜੀ ਵਾਰ ਭਾਰਤ ਭ੍ਰਮਣ ‘ਤੇ ਨਿਕਲੇ ਸਾਈਕਲਿਸਟ ਸੋਮੇਨ ਦੇਬਨਾਥ ਦੇ ਰਹੇ ਹਨ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦਾ ਸੰਦੇਸ਼
ਹੁਣ ਤੱਕ 191 ਦੇਸ਼ਾਂ ਦਾ ਦੌਰਾ ਅਤੇ ਦੋ ਲੱਖ ਕਿਲੋਮੀਟਰ ਦਾ ਸਾਈਕਲ ਸਫ਼ਰ ਕਰ ਚੁੱਕੇ ਹਨ ਸੋਮੇਨ ਦੇਬਨਾਥ
191 ਦੇਸ਼ਾਂ ਦੀ ਯਾਤਰਾ ਅਤੇ ਕਰੀਬ ਦੋ ਲੱਖ ਕਿਲੋਮੀਟਰ ਦਾ ਸਫ਼ਰ ਸਾਈਕਲ ‘ਤੇ ਤੈਅ ਕਰ ਚੁੱਕੇ ਸਾਈਕਲਿਸਟ ਸੋਮੇਨ ਦੇਬਨਾਥ ਦੂਜੀ ਵਾਰ ਭਾਰਤ ਭ੍ਰਮਣ ‘ਤੇ ਨਿਕਲੇ ਹਨ। ਉਨ੍ਹਾਂ ਦੀ ਇਸ ਯਾਤਰਾ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਕਰਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਲੋਕਾਂ ਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਜਾਗਰੂਕ ਕਰਨਾ ਹੈ। ਬਟਾਲਾ ਪਹੁੰਚਣ ‘ਤੇ ਨਗਰ ਨਿਗਮ ਦੇ ਮੇਅਰ ਭੁਪਿੰਦਰ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਹੌਸਲਾ ਅਫ਼ਜ਼ਾਈ ਕੀਤੀ।
ਪੱਛਮੀ ਬੰਗਾਲ ਦੇ ਸੁੰਦਰਬਨ (ਕੋਲਕਾਤਾ) ਦੇ ਵਸਨੀਕ ਸੋਮੇਨ ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2004 ਵਿੱਚ ਆਪਣੇ ਪਿੰਡ ਤੋਂ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਹ ਕਰੀਬ ਦੋ ਲੱਖ ਕਿਲੋਮੀਟਰ ਦਾ ਸਫ਼ਰ ਸਾਈਕਲ ‘ਤੇ ਤੈਅ ਕਰ ਚੁੱਕੇ ਹਨ ਅਤੇ 191 ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 2026 ਤੋਂ 2027 ਤੱਕ ਉਹ ਮੁੜ ਭਾਰਤ ਯਾਤਰਾ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਭਾਰਤ ਯਾਤਰਾ ਕੀਤੀ ਅਤੇ ਉਸ ਤੋਂ ਬਾਅਦ ਵਿਸ਼ਵ ਯਾਤਰਾ ਸ਼ੁਰੂ ਕੀਤੀ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਮਕਸਦ ਦੁਨੀਆ ਨੂੰ ਭਾਰਤ ਦੀ ਸੰਸਕ੍ਰਿਤੀ ਨਾਲ ਜਾਣੂ ਕਰਵਾਉਣਾ ਅਤੇ ਨੌਜਵਾਨਾਂ ਨੂੰ ਮੋਬਾਈਲ ਛੱਡ ਕੇ ਖੇਡਾਂ ਨਾਲ ਜੋੜਨਾ ਹੈ। “ਇੱਕ ਰੁੱਖ-ਇੱਕ ਜ਼ਿੰਦਗੀ” ਮੁਹਿੰਮ ਤਹਿਤ ਉਹ ਹਰ ਮਿਲਣ ਵਾਲੇ ਵਿਅਕਤੀ ਨੂੰ ਘੱਟੋ-ਘੱਟ ਇੱਕ ਰੁੱਖ ਲਗਾਉਣ ਅਤੇ ਉਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਅਸੀਂ ਆਪਣੇ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ 22 ਸਾਲ ਪਹਿਲਾਂ ਭਾਰਤ ਯਾਤਰਾ ਦੌਰਾਨ ਜੋ ਭਾਰਤ ਉਨ੍ਹਾਂ ਨੇ ਵੇਖਿਆ ਸੀ ਅਤੇ ਅੱਜ ਜੋ ਭਾਰਤ ਵੇਖ ਰਹੇ ਹਨ, ਉਸ ਦੇ ਤਜਰਬੇ ਉਹ ਆਪਣੀ ਕਿਤਾਬ ਵਿੱਚ ਦਰਜ ਕਰਨਗੇ।
ਸੋਮੇਨ ਦੇਬਨਾਥ ਨੇ ਦੱਸਿਆ ਕਿ ਯੂਰਪ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਪ੍ਰਬੰਧ ਪ੍ਰਤੀ ਬਹੁਤ ਜਾਗਰੂਕ ਦੇਖਿਆ। ਉੱਥੇ ਦੋ ਸਾਲ ਦੇ ਬੱਚੇ ਨੂੰ ਵੀ ਆਪਣੀ ਸੰਸਕ੍ਰਿਤੀ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਹੁੰਦੀ ਹੈ। ਬਚਪਨ ਤੋਂ ਹੀ ਬੱਚਿਆਂ ਵਿੱਚ ਕੂੜਾ ਕੂੜੇਦਾਨ ਵਿੱਚ ਸੁੱਟਣ ਵਰਗੀਆਂ ਆਦਤਾਂ ਵਿਕਸਿਤ ਕਰ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 60 ਤੋਂ 100 ਕਿਲੋਮੀਟਰ ਤੱਕ ਸਾਈਕਲ ਚਲਾਉਂਦੇ ਹਨ। ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਇਹ ਦੂਰੀ ਘੱਟ ਜਾਂ ਵੱਧ ਹੋ ਜਾਂਦੀ ਹੈ। ਜਿਸ ਵੀ ਦੇਸ਼ ਵਿੱਚ ਜਾਂਦੇ ਸਨ, ਉੱਥੇ ਭਾਰਤੀ ਦੂਤਾਵਾਸ ਤੋਂ ਅਗਲੇ ਦੇਸ਼ ਲਈ ਸਿਫ਼ਾਰਸ਼ੀ ਪੱਤਰ ਮਿਲ ਜਾਂਦਾ ਸੀ, ਜਿਸ ਨਾਲ ਵੀਜ਼ਾ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਸੀ।
ਸੋਮੇਨ ਦੇਬਨਾਥ ਨੇ ਦੱਸਿਆ ਕਿ ਹੁਣ ਤੱਕ ਉਹ 28 ਵਾਰ ਲੁੱਟੇ ਜਾ ਚੁੱਕੇ ਹਨ, 18 ਵਾਰ ਉਨ੍ਹਾਂ ਨਾਲ ਕੁੱਟਮਾਰ ਹੋ ਚੁੱਕੀ ਹੈ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੀਆਂ ਛੇ ਸਾਈਕਲਾਂ ਵੀ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਕਾਲੇ ਰੰਗ ਦੇ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਪਰ ਭਾਰਤ ਵਿੱਚ ਅਜਿਹਾ ਨਹੀਂ ਹੈ। ਇੱਥੇ ਲੋਕ ਹਰ ਵਿਅਕਤੀ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਬਟਾਲਾ ਪਹੁੰਚਣ ‘ਤੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ, ਨਗਰ ਨਿਗਮ ਦੇ ਮੇਅਰ ਭੁਪਿੰਦਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਨਮਾਨ ਕੀਤਾ ਗਿਆ, ਜਿਸ ਲਈ ਉਹ ਸਭ ਦੇ ਧੰਨਵਾਦੀ ਹਨ।
ਨਗਰ ਨਿਗਮ ਦੇ ਮੇਅਰ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੌਜਵਾਨਾਂ ਅਤੇ ਸਮਾਜ ਨੂੰ ਚੰਗੀ ਸਿਹਤ ਵੱਲ ਪ੍ਰੇਰਿਤ ਕਰਦੀਆਂ ਹਨ। ਇਹ ਲੋਕਾਂ ਨੂੰ ਵਾਤਾਵਰਨ ਸਾਫ਼-ਸੁਥਰਾ ਰੱਖਣ ਲਈ ਵੀ ਜਾਗਰੂਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰਨ ਵਾਲਿਆਂ ਦਾ ਹੌਸਲਾ ਵਧਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਬਾਕਸ
ਅਫ਼ਗਾਨਿਸਤਾਨ ਵਿੱਚ ਰਿਹਾ ਸਭ ਤੋਂ ਮਾੜਾ ਤਜਰਬਾ
ਸੋਮੇਨ ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਦਾ ਸਭ ਤੋਂ ਮਾੜਾ ਤਜਰਬਾ ਅਫ਼ਗਾਨਿਸਤਾਨ ਵਿੱਚ ਰਿਹਾ। ਉੱਥੇ ਤਾਲਿਬਾਨ ਨੇ ਉਨ੍ਹਾਂ ਨੂੰ ਕਰੀਬ 24 ਦਿਨ ਤੱਕ ਬੰਦੀ ਬਣਾ ਕੇ ਰੱਖਿਆ। ਚਾਰ ਦਿਨ ਕੁੱਟਮਾਰ ਕੀਤੀ, ਨੌਂ ਦਿਨ ਸਫ਼ਾਈ ਕਰਵਾਈ ਅਤੇ 11 ਦਿਨ ਖਾਣਾ ਬਣਵਾਇਆ। ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਭਾਰਤ ਤੋਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਹੈਰਾਤ ਤੋਂ ਕਰੀਬ 16 ਕਿਲੋਮੀਟਰ ਦੂਰ ਸੜਕ ‘ਤੇ ਛੱਡ ਦਿੱਤਾ ਗਿਆ।
