ਚੰਬਾ: ਜ਼ਿਲ੍ਹਾ ਚੰਬਾ ਦੇ ਉਪਮੰਡਲ ਚੁਰਾਹ ਵਿੱਚ ਬੈਰਾਗੜ੍ਹ-ਚੰਬਾ ਮਾਰਗ ’ਤੇ ਸ਼ਨੀਵਾਰ ਸਵੇਰੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਬੱਸ ਚਾਲਕ ਅਤੇ ਕੰਡਕਟਰ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਰੀਬ ਸੱਤ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ਰਮਾ ਟਰੈਵਲਰਜ਼ ਦੀ ਨਿੱਜੀ ਬੱਸ ਸਵੇਰੇ ਕਰੀਬ 6.30 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ। ਬੱਸ ਨੇ ਹਾਲੇ ਕਰੀਬ ਤਿੰਨ ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਦੇਵੀਕੋਠੀ ਨੇੜੇ ਚਾਲੁਜ ਮੋੜ ’ਤੇ ਇਹ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਦੂਜੀ ਸੜਕ ’ਤੇ ਜਾ ਡਿੱਗੀ।
ਹਾਦਸੇ ਸਮੇਂ ਬੱਸ ਵਿੱਚ ਕਰੀਬ 15 ਤੋਂ 16 ਯਾਤਰੀ ਸਵਾਰ ਸਨ। ਬੱਸ ਦੇ ਹੇਠਾਂ ਡਿੱਗਣ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਤੀਸਾ ਪਹੁੰਚਾਇਆ।
ਪੁਲੀਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਹਨ। ਬੱਸ ਨੂੰ ਸਿੱਧਾ ਕਰਨ ਅਤੇ ਮਲਬੇ ਦੀ ਜਾਂਚ ਦਾ ਕੰਮ ਜਾਰੀ ਹੈ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਬੱਸ ਦੇ ਮਲਬੇ ਹੇਠਾਂ ਹੋਰ ਲੋਕ ਵੀ ਫਸੇ ਹੋ ਸਕਦੇ ਹਨ।
ਐੱਸਪੀ ਚੰਬਾ ਵਿਜੈ ਕੁਮਾਰ ਸਕਲਾਨੀ ਨੇ ਦੱਸਿਆ ਕਿ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸਾ ਕਿਹੜੇ ਕਾਰਨਾਂ ਕਰਕੇ ਵਾਪਰਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਹਾਦਸੇ ਨਾਲ ਸਬੰਧਤ ਹੋਰ ਤੱਥ ਵੀ ਇਕੱਠੇ ਕੀਤੇ ਜਾ ਰਹੇ ਹਨ।
