10 ਸਾਲ ਪੁਰਾਣੀ ਰੰਜਿਸ਼ ਦਾ ਖੂਨੀ ਅਧਿਆਇ, ਗੋਲੀਆਂ ਮਾਰ ਕੇ ਲਵਪ੍ਰੀਤ ਦਾ ਕਤਲ
- ਕਤਲ ਦੇ ਕੇਸ ਵਿੱਚ 10 ਮਹੀਨੇ ਪਹਿਲਾਂ ਜ਼ਮਾਨਤ ‘ਤੇ ਆਇਆ ਸੀ ਮ੍ਰਿਤਕ ਲਵਪ੍ਰੀਤ
- ਦੂਜੇ ਧੜੇ ਨੇ ਘਾਤ ਲਾ ਕੇ ਚਲਾਈਆਂ ਗੋਲੀਆਂ, ਤਿੰਨ ਖ਼ਿਲਾਫ਼ ਕੇਸ ਦਰਜ; ਸਾਰੇ ਮੁਲਜ਼ਮ ਫ਼ਰਾਰ
ਕਪੂਰਥਲਾ 13 ਅਵਸਟ6-ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਿਸ਼ਨਪੁਰ ਜੱਟਾਂ ਵਿੱਚ ਬੀਤੀ ਸ਼ਾਮ ਕਰੀਬ ਸਵਾ 7 ਵਜੇ ਨੌਜਵਾਨ ਲਵਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਕਤਲ ਦੇ ਮਾਮਲੇ ਵਿੱਚ ਥਾਣਾ ਕੋਤਵਾਲੀ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਹੱਤਿਆ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਘਟਨਾ ਤੋਂ ਇੱਕ ਦਿਨ ਬਾਅਦ ਵੀ ਕੋਈ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗਾ। ਤਿੰਨੇ ਮੁਲਜ਼ਮ ਬਿਸ਼ਨਪੁਰ ਜੱਟਾਂ ਦੇ ਹੀ ਰਹਿਣ ਵਾਲੇ ਹਨ।
ਪੁਲਿਸ ਜਾਂਚ ਮੁਤਾਬਕ ਇਸ ਕਤਲ ਦੀ ਜੜ੍ਹ ਸਾਲ 2015 ਵਿੱਚ ਸ਼ੁਰੂ ਹੋਈ ਪੁਰਾਣੀ ਰੰਜਿਸ਼ ਨਾਲ ਜੁੜੀ ਹੋਈ ਹੈ। ਮ੍ਰਿਤਕ ਲਵਪ੍ਰੀਤ ਉਰਫ਼ ਲੱਭਾ ਦੀ ਨਾਬਾਲਗ ਭੈਣ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਇਤਰਾਜ਼ਯੋਗ ਹਰਕਤ ਕਰਨ ਤੋਂ ਬਾਅਦ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਰੰਜਿਸ਼ ਵਧਦੀ ਗਈ ਅਤੇ ਸਾਲ 2024 ਵਿੱਚ ਲਵਪ੍ਰੀਤ ਨੇ ਕਥਿਤ ਤੌਰ ‘ਤੇ ਉਕਤ ਵਿਅਕਤੀ ਓਂਕਾਰ ਦੀ ਹੱਤਿਆ ਕਰ ਦਿੱਤੀ ਸੀ। ਇਸ ਕੇਸ ਵਿੱਚ ਲਵਪ੍ਰੀਤ ਕਰੀਬ 10 ਮਹੀਨੇ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
2015 ਦਾ ਮਾਮਲਾ ਬਣਿਆ ਦੁਸ਼ਮਣੀ ਦੀ ਜੜ੍ਹ
ਮ੍ਰਿਤਕ ਦੀ ਮਾਂ ਬੱਬੂ ਪਤਨੀ ਸੋਢੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚ ਦੋ ਧੀਆਂ ਅਤੇ ਦੋ ਪੁੱਤਰ ਹਨ। ਉਸ ਅਨੁਸਾਰ ਸਾਲ 2015 ਵਿੱਚ ਪਿੰਡ ਦੇ ਹੀ ਓਂਕਾਰ ਉਰਫ਼ ਕੁੱਕੀ ਪੁੱਤਰ ਤਾਸ਼ ਚੰਦ ਨੇ ਉਸ ਦੀ ਨਾਬਾਲਗ ਧੀ ਨਾਲ ਕਥਿਤ ਤੌਰ ‘ਤੇ ਇਤਰਾਜ਼ਯੋਗ ਹਰਕਤ ਕੀਤੀ ਸੀ। ਇਸ ਮਾਮਲੇ ਵਿੱਚ ਕੇਸ ਦਰਜ ਹੋਇਆ ਅਤੇ ਓਂਕਾਰ ਜੇਲ੍ਹ ਗਿਆ ਸੀ। ਬਾਅਦ ਵਿੱਚ ਉਸ ਨੂੰ ਸਜ਼ਾ ਵੀ ਹੋਈ। ਸਾਲ 2018 ਵਿੱਚ ਉਸ ਦੀ ਧੀ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਮੁਤਾਬਕ ਕੋਰੋਨਾ ਕਾਲ ਦੌਰਾਨ ਓਂਕਾਰ ਜ਼ਮਾਨਤ ‘ਤੇ ਬਾਹਰ ਆਇਆ ਤਾਂ ਉਹ ਉਨ੍ਹਾਂ ਦੇ ਘਰ ਵੱਲ ਆ ਕੇ ਕਥਿਤ ਤੌਰ ‘ਤੇ ਧੌਂਸ ਦਿਖਾਉਣ ਲੱਗਾ। ਇਸ ਰੰਜਿਸ਼ ਕਾਰਨ ਉਸ ਦੇ ਵੱਡੇ ਪੁੱਤਰ ਲਵਪ੍ਰੀਤ ਸਿੰਘ ਨੇ ਸਾਲ 2024 ਵਿੱਚ ਇੱਕ ਸਾਥੀ ਨਾਲ ਮਿਲ ਕੇ ਓਂਕਾਰ ਦੀ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਲਵਪ੍ਰੀਤ 10 ਮਹੀਨੇ ਪਹਿਲਾਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਮਾਂ ਨੇ ਦੱਸਿਆ ਕਿ ਉਸ ਨੂੰ ਡਰ ਸੀ ਕਿ ਰੰਜਿਸ਼ ਕਾਰਨ ਦੂਜਾ ਧੜਾ ਉਸ ਦੇ ਪੁੱਤਰ ‘ਤੇ ਹਮਲਾ ਕਰ ਸਕਦਾ ਹੈ, ਇਸ ਲਈ ਉਹ ਉਸ ਨੂੰ ਰਿਸ਼ਤੇਦਾਰਾਂ ਦੇ ਘਰ ਰੱਖਦੀ ਸੀ।
ਮੋਟਰਸਾਈਕਲ ‘ਤੇ ਆਉਂਦੇ ਹੀ ਘਾਤ ਲਾ ਕੇ ਕੀਤਾ ਹਮਲਾ
ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦਾ 17 ਸਾਲਾ ਛੋਟਾ ਪੁੱਤਰ ਹਰਸ਼ਦੀਪ ਬੁਲੇਟ ਮੋਟਰਸਾਈਕਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਸੀ। ਇਸ ਦੀ ਜਾਣਕਾਰੀ ਮਿਲਣ ‘ਤੇ ਲਵਪ੍ਰੀਤ ਸਪਲੈਂਡਰ ਮੋਟਰਸਾਈਕਲ ‘ਤੇ ਪਿੰਡ ਆਇਆ ਅਤੇ ਆਪਣੇ ਭਰਾ ਨੂੰ ਦਵਾਈ ਦਿਵਾਉਣ ਲਈ ਲੈ ਗਿਆ।
ਮਾਂ ਅਨੁਸਾਰ ਜਦੋਂ ਉਹ ਗਲੀ ਵਿੱਚ ਖੜ੍ਹੀ ਉਨ੍ਹਾਂ ਦੀ ਉਡੀਕ ਕਰ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਗੁਰਪ੍ਰੀਤ ਸਿੰਘ ਉਰਫ਼ ਤਨਾ ਪੁੱਤਰ ਜਿੰਦਰਜੀਤ ਉਰਫ਼ ਮਾਨਾ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਪਿੱਛੇ ਪਰਮ ਪੁੱਤਰ ਅਮਰੀਕ ਸਿੰਘ ਉਰਫ਼ ਮੀਕਾ ਬੈਠਾ ਸੀ। ਦੋਵੇਂ ਦਬੁਰਜੀ ਵੱਲ ਚਲੇ ਗਏ।
ਸ਼ਾਮ ਕਰੀਬ 7:15 ਵਜੇ ਲਵਪ੍ਰੀਤ, ਹਰਸ਼ਦੀਪ ਅਤੇ ਉਨ੍ਹਾਂ ਦਾ ਦੋਸਤ ਸੂਰਜ ਪੁੱਤਰ ਸੁਰਿੰਦਰਪਾਲ ਵਾਸੀ ਨਾਨੋ ਮਲੀਆ ਖੇਤਾਂ ਵੱਲੋਂ ‘ਮਾਰ ਦਿੱਤਾ, ਮਾਰ ਦਿੱਤਾ’ ਚੀਕਦੇ ਹੋਏ ਭੱਜਦੇ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਗੁਰਪ੍ਰੀਤ ਉਰਫ਼ ਤਨਾ ਅਤੇ ਪਰਮ ਵੀ ਭੱਜ ਰਹੇ ਸਨ। ਸ਼ਿਕਾਇਤਕਰਤਾ ਮੁਤਾਬਕ ਦੋਵਾਂ ਦੇ ਹੱਥਾਂ ਵਿੱਚ ਪਿਸਤੌਲ ਸਨ ਅਤੇ ਉਸ ਦੇ ਸਾਹਮਣੇ ਹੀ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਆਂ ਲੱਗਣ ਕਾਰਨ ਲਵਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹਰਸ਼ਦੀਪ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਰਸ਼ਦੀਪ ਅਤੇ ਸੂਰਜ ਨੇ ਦੱਸਿਆ ਕਿ ਗੁਰਪ੍ਰੀਤ ਉਰਫ਼ ਤਨਾ ਅਤੇ ਪਰਮ ਨੇ ਦਬੁਰਜੀ ਵੱਲੋਂ ਆਉਂਦੇ ਸਮੇਂ ਉਨ੍ਹਾਂ ਨੂੰ ਘੇਰ ਲਿਆ ਸੀ। ਸੂਰਜ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦੇ ਦੋ ਆਈਫੋਨ ਵੀ ਖੋਹ ਕੇ ਲੈ ਗਏ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਇਹ ਕਤਲ ਓਂਕਾਰ ਦੇ ਪੁੱਤਰ ਰੋਹਿਤ ਨੇ ਕਰਵਾਇਆ ਹੈ, ਕਿਉਂਕਿ ਦੁਸ਼ਮਣੀ ਉਸੇ ਧੜੇ ਨਾਲ ਚੱਲ ਰਹੀ ਸੀ।
ਤਿੰਨ ਖ਼ਿਲਾਫ਼ ਕੇਸ, ਛਾਪੇਮਾਰੀ ਜਾਰੀ : ਡੀਐਸਪੀ
ਡੀਐਸਪੀ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਸਾਹਮਣੇ ਆਇਆ ਹੈ। ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਜਿੰਦਰਜੀਤ ਸਿੰਘ ਵਾਸੀ ਬਿਸ਼ਨਪੁਰ ਜੱਟਾਂ, ਪਰਮ ਪੁੱਤਰ ਅਮਰੀਕ ਸਿੰਘ ਅਤੇ ਰੋਹਿਤ ਪੁੱਤਰ ਓਂਕਾਰ ਖ਼ਿਲਾਫ਼ ਹੱਤਿਆ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
