–ਕਾਦੀਆਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਹਰਭਜਨ ਸਿੰਘ ਈਟੀਓ
ਕਾਦੀਆਂ, 29 ਜੁਲਾਈ –ਨਗਰ ਕੌਂਸਲ ਕਾਦੀਆਂ ਦੇ ਨਵ-ਚੁਣੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਤਾਜਪੋਸ਼ੀ ਸਮਾਰੋਹ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਦੀਆਂ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਵੱਲੋਂ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਰੋਹ ਦੌਰਾਨ ਪਲਵਿੰਦਰ ਕੌਰ ਮਾਹਲ ਨੇ ਨਗਰ ਕੌਂਸਲ ਪ੍ਰਧਾਨ, ਰਾਜ ਕੁਮਾਰ ਜੀਟਰ ਨੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰ ਦਿਲਬਾਗ ਸਿੰਘ ਮਾਹਲ ਨੇ ਮੀਤ ਪ੍ਰਧਾਨ ਵਜੋਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਲਗਾਤਾਰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ-ਭਲਾਈ ਨਾਲ ਸੰਬੰਧਿਤ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਗਿਆ ਹੈ ਅਤੇ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵਧੇਰੇ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਨੂੰ ਭਾਵੇਂ ਥੋੜ੍ਹਾ ਸਮਾਂ ਮਿਲਿਆ ਹੈ, ਪਰ ਉਹ ਇਸੇ ਸਮੇਂ ਦੌਰਾਨ ਕਾਦੀਆਂ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਦੀ ਨਵੀਂ ਮਿਸਾਲ ਕਾਇਮ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ।
