ਗੁਰਦਾਸਪੁਰ: ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਚੋੜ ਸਿੱਧਵਾਂ ਦੇ ਮੌਜੂਦਾ ਸਰਪੰਚ ਦੇ ਘਰ ਬਾਹਰ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਹਮਲਾਵਰ ਸਰਪੰਚ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਹਮਲਾਵਰ ਮੋਟਰਸਾਈਕਲ ਤੋਂ ਉਤਰਿਆ ਅਤੇ ਘਰ ਦੇ ਮੁੱਖ ਗੇਟ ਦੇ ਸਾਹਮਣੇ ਖੜ੍ਹ ਕੇ ਗੋਲੀਆਂ ਚਲਾਉਣ ਲੱਗ ਪਿਆ। ਗੋਲੀਬਾਰੀ ਦੌਰਾਨ ਘਰ ਦੇ ਗੇਟ ‘ਤੇ ਦੋ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ, ਜਦਕਿ ਪੁਲਿਸ ਨੇ ਮੌਕੇ ਤੋਂ ਚਾਰ ਖੋਲ੍ਹ ਵੀ ਬਰਾਮਦ ਕੀਤੇ ਹਨ।

ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 12 ਵਜੇ ਘਰ ਪਹੁੰਚੇ ਸਨ। ਕਰੀਬ ਡੇਢ ਵਜੇ ਉਨ੍ਹਾਂ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ, ਪਰ ਉਨ੍ਹਾਂ ਨੇ ਇਹ ਸਮਝ ਕੇ ਧਿਆਨ ਨਹੀਂ ਦਿੱਤਾ ਕਿ ਸ਼ਾਇਦ ਕੋਈ ਪਟਾਕੇ ਚਲਾ ਰਿਹਾ ਹੋਵੇ। ਸਵੇਰੇ ਉੱਠਣ ‘ਤੇ ਘਰ ਦੇ ਅੰਦਰ ਗੋਲੀਆਂ ਦੇ ਦੋ ਖੋਲ੍ਹ ਪਏ ਦੇਖੇ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ।
ਸਰਪੰਚ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਕਿਸੇ ਵੱਲੋਂ ਫਿਰੌਤੀ ਦੀ ਕਾਲ ਨਹੀਂ ਆਈ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨਾਲ ਅਜਿਹੀ ਦੁਸ਼ਮਣੀ ਹੈ ਕਿ ਕੋਈ ਉਨ੍ਹਾਂ ਦੇ ਘਰ ‘ਤੇ ਗੋਲੀਬਾਰੀ ਕਰੇ।
ਡੀਐੱਸਪੀ ਸ਼ਾਹਬਾਜ਼ ਸਿੰਘ ਅਤੇ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
