ਅਬੋਹਰ: ਅਬੋਹਰ ਨਗਰ ਥਾਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਵਿਸ਼ਾਲ ਪਚਾਰ ਗੈਂਗ ਨਾਲ ਜੁੜੇ 12 ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ, ਜਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ, ਛੇ ਮੈਗਜ਼ੀਨ, 47 ਜਿੰਦਾ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਕੁੱਲ 20 ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ), ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਡੀਐਸਪੀ ਹਰੀਸ਼ ਕੁਮਾਰ ਅਤੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਿਸ਼ਾਲ ਪਚਾਰ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਕੁਝ ਵਿਅਕਤੀ ਫਾਜ਼ਿਲਕਾ ਰੋਡ ਚੁੰਗੀ ਸਥਿਤ ਯੂਨਿਕ ਸੈਲੂਨ ਵਿੱਚ ਇਕੱਠੇ ਹੋ ਕੇ ਨਾਜਾਇਜ਼ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਸਬੰਧੀ ਯੋਜਨਾ ਬਣਾ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਛਾਪੇਮਾਰੀ ਕੀਤੀ।
ਛਾਪੇਮਾਰੀ ਦੌਰਾਨ ਅਜੈ ਸਿੰਘ ਉਰਫ਼ ਅਜੂ, ਬੋਬੀ, ਅਮਨਪ੍ਰੀਤ ਸਿੰਘ ਉਰਫ਼ ਭਿੰਡੀ, ਅਮਨ ਕੁਮਾਰ, ਵਿਜੈ ਕੁਮਾਰ, ਅਜੈ ਕੁਮਾਰ ਉਰਫ਼ ਰਿਸ਼ੀ, ਘਨਈਆ ਕੁਮਾਰ, ਸੁਮਿਤ ਕੁਮਾਰ, ਪ੍ਰਿੰਸ ਕੁਮਾਰ, ਸ਼ਿਵਾ, ਸ਼ਿਵਮ ਅਤੇ ਨਵਨੀੰਦਰ ਸਿੰਘ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗੈਂਗ ਲਈ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਦਾ ਕੰਮ ਕਰਦੇ ਸਨ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਗੈਂਗ ਦੇ ਹੋਰ ਮੈਂਬਰਾਂ, ਨਸ਼ਾ ਅਤੇ ਹਥਿਆਰ ਸਪਲਾਈ ਨੈੱਟਵਰਕ ਅਤੇ ਹੋਰ ਅਪਰਾਧਿਕ ਮਾਮਲਿਆਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫ਼ਰਾਰ ਹੋਰ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
