ਬਟਾਲਾ: ਬਟਾਲਾ ਦੇ ਇੱਕ ਲਾਟਰੀ ਸਟਾਲ ‘ਤੇ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਅਤੇ ਉਸ ਦੀ ਮਾਂ ਦਾ ਢੋਲ-ਨਗਾੜਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਕਾਰਨ ਇਹ ਸੀ ਕਿ ਕਈ ਮਹੀਨਿਆਂ ਤੋਂ ਇਸੇ ਸਟਾਲ ਤੋਂ ਲਗਾਤਾਰ ਲਾਟਰੀ ਖਰੀਦ ਰਹੇ ਨੌਜਵਾਨ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ।
ਪਿੰਡ ਵਡਾਲਾ ਗ੍ਰੰਥੀਆਂ ਦੇ ਰਹਿਣ ਵਾਲੇ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਮਸਕਟ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਆਪਣੇ ਪਿੰਡ ਵਾਪਸ ਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ‘ਤੇ ਕਰੀਬ 15 ਲੱਖ ਰੁਪਏ ਦਾ ਕਰਜ਼ਾ ਸੀ। ਉਹ ਮਿਹਨਤ-ਮਜ਼ਦੂਰੀ ਕਰਕੇ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਪਿਛਲੇ ਕਈ ਮਹੀਨਿਆਂ ਤੋਂ ਰੋਜ਼ਾਨਾ ਆਪਣੀ ਮਾਂ ਦੇ ਨਾਮ ‘ਤੇ ਲਾਟਰੀ ਦੀ ਟਿਕਟ ਵੀ ਖਰੀਦਦਾ ਸੀ। ਪਰਿਵਾਰ ਵੱਲੋਂ ਕਈ ਵਾਰ ਮਨ੍ਹਾਂ ਕਰਨ ਦੇ ਬਾਵਜੂਦ ਉਸ ਨੇ ਲਾਟਰੀ ਖਰੀਦਣੀ ਨਹੀਂ ਛੱਡੀ ਅਤੇ ਆਖ਼ਰਕਾਰ ਉਸ ਦੀ ਕਿਸਮਤ ਚਮਕ ਗਈ।
ਕਵਲਜੀਤ ਦੀ ਮਾਤਾ ਪਿੰਦਰਜੀਤ ਕੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਨਾਮ ‘ਤੇ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
