ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜ਼ਿਲ੍ਹੇਦਾਰ ਅਮੋਲਕ ਸਿੰਘ ਸੇਖਵਾਂ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ
ਬਟਾਲਾ, 30 ਅਪ੍ਰੈਲ – ਜ਼ਿਲ੍ਹੇਦਾਰ ਸ. ਅਮੋਲਕ ਸਿੰਘ ਸੇਖਵਾਂ ਨਹਿਰੀ ਵਿਭਾਗ ਵਿੱਚ 39 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਅੱਜ ਬਾਅਦ ਦੁਪਹਿਰ ਸੇਵਾ ਮੁਕਤ ਹੋ ਗਏ ਹਨ। ਸ. ਅਮੋਲਕ ਸਿੰਘ ਸੇਖਵਾਂ ਅਪ੍ਰੈਲ 1984 ਵਿੱਚ ਨਹਿਰੀ ਵਿਭਾਗ ਵਿੱਚ ਭਰਤੀ ਹੋਏ ਸਨ ਅਤੇ ਉਨ੍ਹਾਂ ਨੇ ਸਠਿਆਲੀ ਸਬ-ਡਵੀਜ਼ਨ ਤੋਂ ਆਪਣੀ ਨੌਂਕਰੀ ਦੀ ਸ਼ੁਰੂਆਤ ਕੀਤੀ ਸੀ। ਨਹਿਰੀ ਵਿਭਾਗ ਵਿੱਚ 39 ਸਾਲ ਉਹ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਰਹੇ ਅਤੇ ਪੂਰੀ ਇਮਾਨਦਾਰੀ ਅਤੇ ਮਿਹਾਨਤ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।ਇਸ ਸਮੇਂ ਉਹ ਬਟਾਲਾ ਵਿਖੇ ਜ਼ਿਲ੍ਹਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਜ਼ਿਲ੍ਹੇਦਾਰ ਸ. ਅਮੋਲਕ ਸਿੰਘ ਸੇਖਵਾਂ ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅੱਜ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਾਹਿਲ ਕੁਮਾਰ ਕਾਰਜਕਾਰੀ ਇੰਜੀਨੀਅਰ ਮੰਡਲ ਗੁਰਦਾਸਪੁਰ, ਐੱਸ.ਡੀ.ਓ. ਪ੍ਰਦੀਪ ਬਹਿਲ, ਉਸਤਾਦ ਬੂਟਾ ਸਿੰਘ ਰਿਆੜ ਸਾਬਕਾ ਜ਼ਿਲ੍ਹਾਦਾਰ, ਤਰਲੋਕ ਸਿੰਘ ਪਟਵਾਰੀ, ਕੇਵਲ ਸਿੰਘ ਮਾਲ ਪਟਵਾਰੀ, ਹਰਪ੍ਰੀਤ ਸਿੰਘ ਪਟਵਾਰੀ, ਸੁਖਜੀਤ ਕੌਰ ਪਟਵਾਰੀ, ਮਿਸ ਸ਼ੈਲੀ ਪਟਵਾਰੀ, ਰਾਜਵਿੰਦਰ ਕੌਰ ਪਟਵਾਰੀ ਅਤੇ ਨਹਿਰੀ ਵਿਭਾਗ ਬਟਾਲਾ ਸੈਕਸ਼ਨ ਦਾ ਸਾਰਾ ਸਟਾਫ਼ ਹਾਜ਼ਰ ਸੀ। ਇਸ ਤੋਂ ਇਲਾਵਾ ਸ. ਅਮੋਲਕ ਸਿੰਘ ਸੇਖਵਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਜ਼ਿਲ੍ਹੇਦਾਰ ਸ. ਅਮੋਲਕ ਸਿੰਘ ਸੇਖਵਾਂ ਵੱਲੋਂ ਨਹਿਰੀ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਜਿਕਰ ਕਰਦਿਆਂ ਕਾਰਜਕਾਰੀ ਇੰਜੀਨੀਅਰ ਮੰਡਲ ਗੁਰਦਾਸਪੁਰ ਸਾਹਿਲ ਕੁਮਾਰ ਨੇ ਕਿਹਾ ਕਿ ਵਿਭਾਗ ਹਮੇਸ਼ਾਂ ਸ. ਅਮੋਲਕ ਸਿੰਘ ਸੇਖਵਾਂ ਦੀਆਂ ਸੇਵਾਵਾਂ ਨੂੰ ਯਾਦ ਰੱਖੇਗਾ। ਉਨ੍ਹਾਂ ਕਿਹਾ ਕਿ ਸ. ਅਮਲੋਕ ਸਿੰਘ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਵਿਭਾਗ ਵਿੱਚ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਵਿਭਾਗ ਦੀਆਂ ਸ਼ਾਨਦਾਰ ਰਿਵਾਇਤਾਂ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਮੂਹ ਸਾਥੀ ਅਧਿਕਾਰੀ ਤੇ ਕਰਮਚਾਰੀ ਸੇਵਾ ਮੁਕਤੀ ਮੌਕੇ ਸ. ਅਮੋਲਕ ਸਿੰਘ ਨੂੰ ਵਧਾਈ ਦੇਣ ਦੇ ਨਾਲ ਉਨ੍ਹਾਂ ਦੀ ਸਿਹਤਮੰਦ ਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹਨ।
ਇਸ ਮੌਕੇ ਜ਼ਿਲ੍ਹੇਦਾਰ ਸ. ਅਮੋਲਕ ਸਿੰਘ ਸੇਖਵਾਂ ਨੇ ਕਿਹਾ ਕਿ ਆਪਣੀ ਨੌਂਕਰੀ ਦੌਰਾਨ ਉਨ੍ਹਾਂ ਨੂੰ ਵਿਭਾਗ ਦੇ ਅਧਿਕਾਰੀਆਂ ਅਤੇ ਸਾਥੀ ਮੁਲਾਜ਼ਮਾਂ ਦਾ ਪੂਰਾ ਸਹਿਯੋਗ ਮਿਲਿਆ ਹੈ ਜਿਸ ਲਈ ਉਹ ਸਭ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਆਪਣੇ ਵਿਭਾਗ ਅਤੇ ਲੋਕ ਸੇਵਾ ਨੂੰ ਸਪਰਪਿਤ ਰਹਿਣਗੇ।