ਬਟਾਲਾ, 30 ਅਪ੍ਰੈਲ – ਡਾ. ਹਿਮਾਂਸੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਜ਼ਿਲੇ ਦੇ ਅਮੀਰ ਇਤਿਹਾਸਕ ਤੇ ਧਾਰਮਿਕ ਵਿਰਸੇ ਨੂੰ ਉਜਾਗਰ ਕਰਨ, ਸੰਭਾਲਣ ਅਤੇ ਪ੍ਰਚਾਰਨ ਦੇ ਮੰਤਵ ‘ਵਿਰਸਾ ਦਰਸ਼ਨ’ ਤਹਿਤ ਅੱਜ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਤੋਂ ਵਿਸ਼ੇਸ ਬੱਸ ਚਲਾਈ ਗਈ, ਜਿਸ ਵਿੱਚ ਧਰਮਪੁਰਾ ਕਾਲੋਨੀ ਬਟਾਲਾ ਸਕੂਲ ਦੇ ਵੋਕੇਸ਼ਨਲ ਸੈਂਟਰ ਦੇ 56 ਵਿਦਿਆਰਥੀਆਂ ਨੇ ਜਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸਨ ਕੀਤੇ।
ਇਸ ਮੌਕੇ ਗੱਲ ਕਰਦਿਆਂ ਐਸ.ਡੀ.ਐਮ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਅੱਜ ਬਟਾਲਾ ਤੋਂ ਵਿਸ਼ੇਸ ਬੱਸ ਰਵਾਨਾ ਕੀਤੀ ਗਈ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਦੇ ਦਰਸ਼ਨ ਕੀਤੇ ਤੇ ਘੱਲੂਘਾਰਾ ਨਾਲ ਸਬੰਧਤ ਦਸਤਾਵੇਜ਼ੀ ਫਿਲਮ ਵੇਖੀ । ਉਪਰੰਤ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕੈਸ਼ੋਪੁਰ ਛੰਬ ਗੁਰਦਾਸਪੁਰ, ਸ਼ਿਵ ਮੰਦਿਰ ਕਲਾਨੋਰ, ਬਾਵਾ ਲਾਲ ਦਿਆਲ ਜੀ ਧਾਮ ਧਿਆਨਪੁਰ ਅਤੇ ਕਰਤਾਰਪੁਰ ਕੋਰੀਡੋਰ ਵਿਖੇ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕੀਤੇ।
ਐਸ.ਡੀ.ਐਮ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਹੈ ਅਤੇ ਜ਼ਿਲ੍ਹਾ ਆਪਣੇ ਅੰਦਰ ਅਮੀਰ ਵਿਰਸਾ ਤੇ ਇਤਿਹਾਸ ਸੰਜੋਈ ਬੈਠਾ ਹੈ। ਉਨਾਂ ਕਿਹਾ ਕਿ ‘ਵਿਰਸਾ ਦਰਸ਼ਨ’ ਦਾ ਮੁੱਖ ਮੰਤਵ ਨੋਜਵਾਨਾਂ ਨੂੰ ਆਪਣੀ ਅਮੀਰ ਵਿਰਸੇ ਤੋਂ ਜਾਣੂੰ ਕਰਵਾਉਣਾ ਹੈ. ਜਿਸ ਮਕਸਦ ਨਾਲ ਹਰ ਹਫਤੇ ਬਟਾਲਾ ਤੇ ਗੁਰਦਾਸਪੁਰ ਤੋਂ ਵਿਸ਼ੇਸ ਮੁਫਤ ਬੱਸਾਂ ਚਲਾਈਆਂ ਜਾਂਦੀਆਂ ਹਨ।ਵਿਰਸਾ ਦਰਸ਼ਨ ਦੋਰਾਨ ਸ਼ਾਮ ਵਾਪਸ ਬਟਾਲਾ ਪਰਤਨ ਉਪਰੰਤ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਨੇ ਅੱਜ ਗੁਰਦਾਸਪੁਰ ਵਿਚਲੇ ਅਮੀਰ ਵਿਰਾਸਤ ਦੇ ਦਰਸ਼ਨ ਕੀਤੇ ਹਨ, ਜਿਸ ਲਈ ਉਹ ਜਿਲਾ ਹੈਰੀਟੇਸ ਸੁਸਾਇਟੀ ਗੁਰਦਾਸਪੁਰ ਦੇ ਵੀ ਸ਼ੁਕਰਗੁਜ਼ਾਰ ਹਨ।
ਇਸ ਮੌਕੇ ਗਾਈਡ ਹਰਬਖਸ਼ ਸਿੰਘ, ਸੰਤੋਸ਼ ਕੁਮਾਰੀ ਰਾਣੀ ਵੈਲਫੇਅਰ ਸੁਸਾਇਟੀ ਬਟਾਲਾ , ਏਕਤਾ ਕੁਮਾਰ, ਅਮਨ ਕੋਰ, ਮਨਦੀਪ ਬਾਜਵਾ ਮੋਜੂਦ ਸਨ।