ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਪੈਟਰੋਲ ਬੰਬ ਹਮਲੇ ਤੋਂ ਬਾਅਦ ਪੁਲਿਸ ਕਿਲਿੰਗ ਦੀ ਯੋਜਨਾ ਦਾ ਪਰਦਾਫਾਸ਼
ਅੰਮ੍ਰਿਤਸਰ, 31 ਜੁਲਾਈ: ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ‘ਵਾਰ ਅਗੇਂਸਟ ਗੈਂਗਸਟਰ’ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨੀ ISI ਹੈਂਡਲਰ ਦੇ ਇਸ਼ਾਰੇ ‘ਤੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋ ਮੋਟਰਸਾਈਕਲ, ਇੱਕ ਪਿਸਤੌਲ ਅਤੇ ਹੋਰ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 20-21 ਜੁਲਾਈ 2026 ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਪੁਲਿਸ ਚੌਕੀ ਚਮਿਆਰੀ ਦੇ ਗੇਟ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਬੰਬ ਸੁੱਟ ਕੇ ਹਮਲਾ ਕੀਤਾ ਸੀ। ਇਸ ਮਾਮਲੇ ਸਬੰਧੀ ਥਾਣਾ ਅਜਨਾਲਾ ਵਿੱਚ ਐਫਆਈਆਰ ਨੰਬਰ 250/2026 ਤਹਿਤ ਬੀਐਨਐੱਸ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਸੀਆਈਏ ਟੀਮਾਂ ਨੇ ਆਧੁਨਿਕ ਤਕਨੀਕ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਜਾਂਚ ਕਰਦਿਆਂ 30 ਜੁਲਾਈ ਨੂੰ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ, ਪਰਦੀਪ ਸਿੰਘ, ਕਰਨਵੀਰ ਸਿੰਘ ਅਤੇ ਇੱਕ ਨਾਬਾਲਗ ਸੁਖਦੀਪ ਸਿੰਘ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਮਨਦੀਪ ਸਿੰਘ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ISI ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਚਮਿਆਰੀ ਪੁਲਿਸ ਚੌਕੀ ‘ਤੇ ਪੈਟਰੋਲ ਬੰਬ ਹਮਲਾ ਕੀਤਾ ਅਤੇ ਫਿਰ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੀ ਯੋਜਨਾ ਬਣਾਈ। ਮੁਲਜ਼ਮ ਹਮਲੇ ਤੋਂ ਪਹਿਲਾਂ ਪੁਲਿਸ ਕਰਮਚਾਰੀਆਂ ਦੀ ਰੇਕੀ ਵੀ ਕਰ ਰਹੇ ਸਨ।
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਪਾਕਿਸਤਾਨੀ ਹੈਂਡਲਰ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ ਕਰਨ ਦੇ ਬਦਲੇ 15 ਹਜ਼ਾਰ ਰੁਪਏ ਐਡਵਾਂਸ ਅਤੇ 50 ਹਜ਼ਾਰ ਰੁਪਏ ਦੇਣ ਦਾ ਸੌਦਾ ਕੀਤਾ ਗਿਆ ਸੀ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਮੋਟਰਸਾਈਕਲ, ਇੱਕ ਪਿਸਤੌਲ ਅਤੇ ਹੋਰ ਅਹਿਮ ਸਬੂਤ ਬਰਾਮਦ ਕੀਤੇ ਹਨ। ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਵੀ ਪੜਤਾਲ ਕਰ ਰਹੀਆਂ ਹਨ ਕਿ ਇਸ ਸਾਜ਼ਿਸ਼ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ ਅਤੇ ਕੀ ਇਸ ਦੇ ਵਿਦੇਸ਼ੀ ਨੈੱਟਵਰਕ ਨਾਲ ਹੋਰ ਵੀ ਸੰਬੰਧ ਹਨ।
ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ, ਅੱਤਵਾਦੀ ਤੱਤਾਂ ਅਤੇ ਵਿਦੇਸ਼ੀ ਹੈਂਡਲਰਾਂ ਦੇ ਗਠਜੋੜ ਨੂੰ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
