—ਅਬੋਹਰ ਦੇ ਅਜੀਤ ਨਗਰ ਲਿੰਕ ਰੋਡ ‘ਤੇ ਹਥਿਆਰ ਵੇਚਣ ਦੀ ਫਿਰਾਕ ‘ਚ ਸੀ ਮੁਲਜ਼ਮ, ਪੁਲਿਸ ਵੱਲੋਂ ਨੈੱਟਵਰਕ ਦੀ ਜਾਂਚ ਸ਼ੁਰੂ
ਫਾਜ਼ਿਲਕਾ/ਅਬੋਹਰ। ਫਾਜ਼ਿਲਕਾ ਪੁਲਿਸ ਵੱਲੋਂ ਅਪਰਾਧੀਆਂ ਅਤੇ ਨਾਜਾਇਜ਼ ਹਥਿਆਰਾਂ ਦੇ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀਆਈਏ ਫਾਜ਼ਿਲਕਾ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦਿੱਲੀ ਦੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਪੰਜ ਨਾਜਾਇਜ਼ ਪਿਸਤੌਲਾਂ ਅਤੇ ਛੇ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਐੱਸਪੀ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਸੀਆਈਏ ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਏਐੱਸਆਈ ਰਾਧੇਸ਼ਿਆਮ ਆਪਣੀ ਟੀਮ ਨਾਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਦਿੱਲੀ ਦੇ ਮੰਗੋਲਪੁਰੀ ਇਲਾਕੇ ਦਾ ਰਹਿਣ ਵਾਲਾ ਪਿਯੂਸ਼ ਬਰੇਲਾ ਨਾਜਾਇਜ਼ ਹਥਿਆਰ ਲੈ ਕੇ ਅਬੋਹਰ ਦੀ ਦਾਣਾ ਮੰਡੀ ਤੋਂ ਅਜੀਤ ਨਗਰ ਲਿੰਕ ਰੋਡ ‘ਤੇ ਉਨ੍ਹਾਂ ਨੂੰ ਵੇਚਣ ਦੀ ਨੀਅਤ ਨਾਲ ਮੌਜੂਦ ਹੈ।
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਪੰਜ ਨਾਜਾਇਜ਼ ਪਿਸਤੌਲਾਂ ਅਤੇ ਛੇ ਮੈਗਜ਼ੀਨਾਂ ਬਰਾਮਦ ਹੋਈਆਂ। ਬਰਾਮਦ ਹਥਿਆਰਾਂ ਵਿੱਚ ਇੱਕ ਗਲੌਕ-26 ਜਨਰੇਸ਼ਨ-4 (ਆਸਟਰੀਆ) 9×19, ਦੋ ਦੇਸੀ .30 ਬੋਰ ਪਿਸਤੌਲ, ਇੱਕ ਟੋਕਾਰੇਵ ਪਿਸਤੌਲ ਅਤੇ ਇੱਕ ਸਟਾਰ .30 ਬੋਰ ਪਿਸਤੌਲ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ 23 ਸਾਲਾ ਪਿਯੂਸ਼ ਬਰੇਲਾ, ਵਾਸੀ ਮੰਗੋਲਪੁਰੀ, ਪਾਲਮ ਕਾਲੋਨੀ, ਦਿੱਲੀ ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਸਿਟੀ-1 ਅਬੋਹਰ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 2024 ਵਿੱਚ ਵੀ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਦੇ ਇੱਕ ਮਾਮਲੇ ਵਿੱਚ ਪਿਯੂਸ਼ ਬਰੇਲਾ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਮੁੱਖ ਧਿਆਨ ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲਣ ‘ਤੇ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ, ਕਿਸ ਨੈੱਟਵਰਕ ਰਾਹੀਂ ਸਪਲਾਈ ਕੀਤੇ ਜਾ ਰਹੇ ਸਨ ਅਤੇ ਇਨ੍ਹਾਂ ਦੀ ਡਿਲੀਵਰੀ ਕਿਹੜੇ ਵਿਅਕਤੀਆਂ ਤੱਕ ਹੋਣੀ ਸੀ।
