ਬਟਾਲਾ ਦੇ ਨੇੜੇ ਅੰਮ੍ਰਿਤਸਰ ਬਾਈਪਾਸ ਕੋਲ ਰੇਲਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜੀਆਰਪੀ ਪੁਲਿਸ ਚੌਕੀ ਬਟਾਲਾ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਮੁਤਾਬਕ ਮ੍ਰਿਤਕ ਦਿੱਲੀ ਸੁਪਰ ਐਕਸਪ੍ਰੈੱਸ ਦੀ ਚਪੇਟ ਵਿੱਚ ਆਇਆ ਹੋ ਸਕਦਾ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਹਾਦਸਾ।
ਜੀਆਰਪੀ ਚੌਕੀ ਬਟਾਲਾ ਦੇ ਇੰਚਾਰਜ ਏਐਸਆਈ ਕੁਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਬਾਈਪਾਸ ਨੇੜੇ ਰੇਲਵੇ ਲਾਈਨ ‘ਤੇ ਬੁਰਜੀ ਨੰਬਰ 3211 ਤੋਂ 3212 ਦਰਮਿਆਨ ਕਰੀਬ 100 ਮੀਟਰ ਤੱਕ ਇੱਕ ਵਿਅਕਤੀ ਦੇ ਸਰੀਰ ਦੇ ਅੰਗ ਖਿੱਲਰੇ ਪਏ ਹਨ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ, ਜਿੱਥੇ ਦੇਖਿਆ ਗਿਆ ਕਿ ਅਣਪਛਾਤੇ ਵਿਅਕਤੀ ਦਾ ਹੇਠਲਾ ਧੜ ਸਰੀਰ ਤੋਂ ਵੱਖ ਹੋ ਕੇ ਕਾਫੀ ਦੂਰ ਤੱਕ ਖਿੱਲਰਿਆ ਪਿਆ ਸੀ। ਇਸ ਤੋਂ ਇਲਾਵਾ ਸਿਰ ਦਾ ਉੱਪਰਲਾ ਹਿੱਸਾ ਵੀ ਹਾਦਸੇ ਦੌਰਾਨ ਗਾਇਬ ਸੀ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ ਸਾਢੇ ਅੱਠ ਵਜੇ ਵਾਪਰਿਆ, ਜਦੋਂ ਦਿੱਲੀ–ਪਠਾਨਕੋਟ ਸੁਪਰ ਐਕਸਪ੍ਰੈੱਸ ਬਟਾਲਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਇਸ ਦੌਰਾਨ ਪਿੰਡ ਘਸੀਟਪੁਰ ਨੇੜੇ ਅਣਪਛਾਤਾ ਵਿਅਕਤੀ ਰੇਲਗੱਡੀ ਦੀ ਚਪੇਟ ਵਿੱਚ ਆ ਗਿਆ। ਘਟਨਾ ਤੋਂ ਬਾਅਦ ਰੇਲਗੱਡੀ ਕਰੀਬ 15 ਮਿੰਟ ਤੱਕ ਮੌਕੇ ‘ਤੇ ਰੁਕੀ ਰਹੀ। ਪੁਲਿਸ ਦੀ ਕਾਰਵਾਈ ਪੂਰੀ ਹੋਣ ਉਪਰੰਤ ਗੱਡੀ ਨੂੰ ਅੰਮ੍ਰਿਤਸਰ ਵੱਲ ਰਵਾਨਾ ਕਰ ਦਿੱਤਾ ਗਿਆ।
ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਸਰੀਰ ਦੇ ਸਾਰੇ ਹਿੱਸੇ ਇਕੱਠੇ ਕਰਕੇ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਲਈ ਸਿਵਲ ਹਸਪਤਾਲ ਭੇਜ ਦਿੱਤੇ ਹਨ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਅਸਲ ਕਾਰਨਾਂ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ।
