ਘੁਮਾਣ/ਬਟਾਲਾ, 26 ਜੂਨ ( ਬਿਊਰੋ ਰਿਪੋਰਟ) ਡਾ.ਅਰਸ਼ਦੀਪ ਸਿੰਘ, ਜ਼ਿਲ੍ਹਾ ਇੰਚਾਰਜ ‘ਯੁੱਧ ਨਸ਼ਿਆਂ ਵਿਰੁੱਧ’ ਗੁਰਦਾਸਪੁਰ ਵੱਲੋਂ ਘੁਮਾਣ ਵਿਖੇ ਪੱਤਰਕਾਰਾਂ ਸਾਥੀਆਂ ਨਾਲ ਗੱਲਬਾਤ ਕਰਕੇ ਜ਼ਿਲ੍ਹੇ ਅੰਦਰ ‘ਨਸ਼ਾ ਮੁਕਤੀ ਮੋਰਚਾ’ ਤਹਿਤ ਕੀਤੇ ਜਾ ਰਹੇ ਜਾਗਰੂਕਤਾ ਪਰੋਗਰਾਮ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਸੋਹੀ ਹਲਕਾ ਸ਼ੋਸਲ ਮੀਡੀਆ ਵਾਈਸ ਕੋਆਰਡੀਨੇਟਰ, ਸਰਪੰਚ ਮੁਖਤਾਰ ਸਿੰਘ, ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਾਹਿਬ, ਮਨਦੀਪ ਸਿੰਘ ਵਾਈਸ ਇੰਚਾਰਜ ਯੁੱਧ ਨਸ਼ਿਆਂ ਵਿਰੁੱਧ ਮੌਜੂਦ ਸਨ।
ਡਾ.ਅਰਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੂਬੇ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਕਰੀਬ 80 ਪ੍ਰਤੀਸ਼ਤ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ‘ਤੇ ਆਉਣ ਵਾਲੇ ਦਿਨ੍ਹਾਂ ਵਿੱਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ।
ਉਨ੍ਹਾ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਮੋਰਚੇ ਦੀ ਟੀਮਾਂ ਵਲੋਂ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈ। ਲੋਕ ਬਹੁਤ ਖੁਸ਼ ਹਨ ਕਿ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਨਸ਼ਿਆ ਖਿਲਾਫ ਵੱਡੀਆਂ ਕਾਰਵਾਈਆਂ ਕੀਤੀ ਹਨ।
ਉਨ੍ਹਾ ਅੱਗੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਸਰਕਾਰ ਬਣੀ ਜਿਸ ਵਲੋਂ ਨਿਰੰਤਰ ਲੋਕ ਹਿੱਤ ਦੇ ਕੰਮਾਂ ਨੂੰ ਪਹਿਲ ਦਿੱਤੀ ਹੈ ਅਤੇ ਗਰਾਉਂਡ ਲੈਵਲ ‘ਤੇ ਜਾ ਕੇ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 15 ਅਗਸਤ 2026 ਤੋਂ ਬਆਦ ਪਿੰਡਾਂ ਦੇ ਸਰਪੰਚਾਂ ਨੂੰ 10,000 ਰੁਪਏ ਪ੍ਰਤੀ ਮਹਿਨਾ ਮਾਣਭੱਤਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਲੋਕ ਖੁਸ਼ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਸ. ਭਗਵੰਤ ਸਿੰਘ ਮਾਨ ਹੀ ਪੰਜਾਬ ਦੀ ਅਗਵਾਈ ਕਰਨਗੇ ਅਤੇ ਲੋਕ ਉਨ੍ਹਾਂ ਦੇ ਹੱਕ ਵਿੱਚ ਭੁਗਤਣਗੇ।
