–ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਬਦਮਾਸ਼ ਵਿਚਾਲੇ ਵੇਰਕਾ ਬਾਈਪਾਸ ਐਨਕਾਊਂਟਰ, ਆਰੋਪੀ ਜ਼ਖ਼ਮੀ
–ਲਾਲਚ ਵਿੱਚ ਆ ਕੇ ਨੌਜਵਾਨ ਬਣੇ ਗੈਂਗਸਟਰਾਂ ਦਾ ਮੋਹਰਾ ਅੰਮ੍ਰਿਤਸਰ ਪੁਲਿਸ ਨੇ ਤਿੰਨ ਆਰੋਪੀ ਕੀਤੇ ਕਾਬੂ
ਅੰਮ੍ਰਿਤਸਰ 17 ਦਿਸੰਮਬਰ-(ਬਿਉਰੂ ਰਿਪੋਰਟ)-ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ’ਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੇ ਗਏ ਐਨਕਾਊਂਟਰ ਦੌਰਾਨ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ’ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਦ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਹਰ ਕੇਸ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਇਕ ਸਟੋਰ ਦੇ ਮਾਲਕ ਨੂੰ ਹਰਵਿੰਦਰ ਦੋਧੀ, ਵਾਸੀ ਪਿੰਡ ਮੁਰਾਦਪੁਰਾ, ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਫੋਨ ਨਾ ਚੁੱਕਣ ’ਤੇ ਮੈਸੇਜ ਭੇਜ ਕੇ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਓਹਨਾ ਕਿਹਾ ਕਿ ਭਾਵੇਂ ਪੀੜਤ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਨਹੀਂ ਮਿਲਿਆ, ਪਰ ਪੁਲਿਸ ਨੇ ਆਪਣੀ ਤਰਫੋਂ ਜਾਂਚ ਕਰਦਿਆਂ ਕੇਸ ਦਰਜ ਕਰਕੇ ਟਰੇਲ ਫੋਲੋ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੁਕਾਨ ਦੇ ਬਾਹਰ ਗੋਲੀ ਚਲਾਈ ਗਈ ਸੀ। ਇਸ ਮਾਮਲੇ ’ਚ ਸਪੈਸ਼ਲ ਟੀਮਾਂ ਬਣਾਕੇ ਤਿੰਨ ਦੋਸ਼ੀਆਂ — ਨਿਰਮਲ ਜੋਤ (22), ਮਨਪ੍ਰੀਤ ਉਰਫ਼ ਮੰਗੂ (30) ਅਤੇ ਕਰਨਦੀਪ (19) ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਤਿੰਨੇ ਪਿੰਡ ਮੁਰਾਦਪੁਰਾ ਦੇ ਰਹਿਣ ਵਾਲੇ ਹਨ।
ਪੁਲਿਸ ਮੁਤਾਬਕ ਕੱਲ੍ਹ ਰਾਤ ਵੈਪਨ ਰਿਕਵਰੀ ਦੌਰਾਨ ਆਰੋਪੀ ਨਿਰਮਲ ਜੋਤ ਨੇ ਪੁਲਿਸ ਤੋਂ ਹਥਿਆਰ ਛੀਨ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਚੇਤਾਵਨੀ ਦੇਣ ਬਾਵਜੂਦ ਨਾ ਮੰਨਣ ’ਤੇ ਸੈਲਫ ਡਿਫੈਂਸ ’ਚ ਐਸਆਈ ਵੱਲੋਂ ਫਾਇਰ ਕੀਤਾ ਗਿਆ, ਜਿਸ ਨਾਲ ਆਰੋਪੀ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੈਂਗਸਟਰ ਛੋਟੇ ਲਾਲਚ ਦੇ ਕੇ ਜ਼ਿੰਦਗੀਆਂ ਬਰਬਾਦ ਕਰਦੇ ਹਨ। ਪੁਲਿਸ ਦੇ ਹੱਥ ਲੰਬੇ ਹਨ ਅਤੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਸ ਸਫਲ ਕਾਰਵਾਈ ਲਈ ਪੁਲਿਸ ਟੀਮ ਦੀ ਸ਼ਲਾਘਾ ਕੀਤੀ।
