—ਘਰੇਲੂ ਰੰਜਿਸ਼ ਬਣੀ ਤੇਜ਼ਾਬੀ ਹਮਲੇ ਦੀ ਵਜ੍ਹਾ, ਪੀੜਤ ਔਰਤ ਨੇ ਮੰਗਿਆ ਇਨਸਾਫ
ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਆਉਂਦੇ ਜਵਾਹਰ ਨਗਰ ਇਲਾਕੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਵੱਲੋਂ ਦੂਜੀ ਔਰਤ ‘ਤੇ ਤੇਜ਼ਾਬ ਜਾਂ ਕਿਸੇ ਜ਼ਹਿਰੀਲੇ ਕੈਮੀਕਲ ਵਰਗੀ ਚੀਜ਼ ਸੁੱਟ ਦਿੱਤੀ ਗਈ। ਇਸ ਹਮਲੇ ਕਾਰਨ ਪੀੜਤ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਅਤੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਦੂਜੇ ਪਾਸੇ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਇਕ ਮਹਿਲਾ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪੀੜਤ ਔਰਤ ਸੰਤੋਸ਼ ਕੁਮਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਰ ਦੇ ਬਾਹਰ ਕੱਪੜੇ ਧੋ ਰਹੀ ਸੀ ਕਿ ਅਚਾਨਕ ਇੱਕ ਔਰਤ ਆਈ ਅਤੇ ਉਸ ‘ਤੇ ਕੋਈ ਜ਼ਹਿਰੀਲੀ ਚੀਜ਼ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਈ। ਉਸ ਨੇ ਕਿਹਾ ਕਿ ਹਮਲੇ ਤੋਂ ਤੁਰੰਤ ਬਾਅਦ ਉਸ ਨੂੰ ਅੱਖਾਂ ‘ਚ ਭਿਆਨਕ ਜਲਨ ਮਹਿਸੂਸ ਹੋਈ ਅਤੇ ਹੁਣ ਉਸ ਨੂੰ ਠੀਕ ਤਰ੍ਹਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ। ਪੀੜਤ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਵੱਡੀ ਤਕਰਾਰ ਨਹੀਂ ਸੀ, ਸਿਰਫ਼ ਪਰਿਵਾਰਕ ਪੱਧਰ ‘ਤੇ ਹਲਕੀ ਬਹਿਸ ਹੋਈ ਸੀ, ਪਰ ਇਸ ਤਰ੍ਹਾਂ ਦਾ ਹਮਲਾ ਕਦੇ ਸੋਚਿਆ ਨਹੀਂ ਸੀ। ਉਸ ਨੇ ਦੱਸਿਆ ਕਿ ਘਟਨਾ ਵੇਲੇ ਉਸ ਦੀ ਮਾਂ ਅਤੇ ਭਰਾ ਵੀ ਘਰ ‘ਚ ਮੌਜੂਦ ਸਨ ਅਤੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਮਿਲੇ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਪਛਾਣ ਸੰਤੋਸ਼ ਕੁਮਾਰੀ ਵਜੋਂ ਹੋਈ ਹੈ ਅਤੇ ਹਮਲਾ ਕਰਨ ਵਾਲੀ ਉਸ ਦੀ ਭਤੀਜੀ ਚਾਦਨੀ ਉਰਫ਼ ਰੀਚਾ ਹੈ। ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਵਰਤੇ ਗਏ ਕੈਮੀਕਲ ਦੀ ਪੁਸ਼ਟੀ ਕੀਤੀ ਜਾਵੇਗੀ।
