–ਛੋਟੀ ਚੋਰੀ ਤੇ ਸਨੈਚਿੰਗ ਖਿਲਾਫ਼ ਪੁਲਿਸ ਸਖ਼ਤ, ਲੋਕਾਂ ਨੂੰ ਜਲਦ ਵਾਪਸ ਮਿਲਣਗੇ ਵਾਹਨ: ਕਮਿਸ਼ਨਰ ਭੁੱਲਰ
ਅੰਮ੍ਰਿਤਸਰ 16 ਦਿਸੰਬਰ-ਅੰਮ੍ਰਿਤਸਰ ਪੁਲਿਸ ਨੂੰ ਚੋਰੀ ਅਤੇ ਸਟ੍ਰੀਟ ਕਰਾਈਮ ਦੇ ਮਾਮਲਿਆਂ ‘ਚ ਵੱਡੀ ਕਾਮਯਾਬੀ ਮਿਲੀ ਹੈ। ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦਿਆਂ ਕੁੱਲ 53 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਬਰਾਮਦ ਵਾਹਨਾਂ ਵਿੱਚ 22 ਮੋਟਰਸਾਈਕਲ, 16 ਐਕਟੀਵਾ, 2 ਕਾਰਾਂ, 2 ਟਰੱਕ ਅਤੇ ਇੱਕ ਸਕੂਟਰ ਸ਼ਾਮਲ ਹੈ। ਇਹ ਸਾਰੀ ਰਿਕਵਰੀ ਵੱਖ-ਵੱਖ ਥਾਣਿਆਂ ਵੱਲੋਂ ਕੀਤੀ ਗਈ। ਜੋਨ ਵਨ (ਸੀ ਡਿਵੀਜ਼ਨ, ਈ ਡਿਵੀਜ਼ਨ, ਇਸਲਾਮਾਬਾਦ ਇਲਾਕਾ) ਤੋਂ 21 ਵਾਹਨ ਬਰਾਮਦ ਹੋਏ, ਜਿਨ੍ਹਾਂ ਵਿੱਚ 16 ਐਕਟੀਵਾ ਅਤੇ 5 ਮੋਟਰਸਾਈਕਲ ਹਨ। ਜੋਨ ਟੂ (ਸਿਵਲ ਲਾਈਨ ਅਤੇ ਕੈਂਟੋਨਮੈਂਟ) ਤੋਂ 5 ਵਾਹਨ ਮਿਲੇ, ਜਦਕਿ ਜੋਨ ਥਰੀ (ਏ, ਬੀ ਡਿਵੀਜ਼ਨ, ਮਕਬੂਲਪੁਰਾ, ਗੇਟ ਇਲਾਕੇ) ਤੋਂ ਸਭ ਤੋਂ ਵੱਧ 27 ਵਾਹਨ ਬਰਾਮਦ ਕੀਤੇ ਗਏ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਛੋਟੀ ਚੋਰੀ ਅਤੇ ਸਨੈਚਿੰਗ ਆਮ ਬੰਦੇ ਦੀ ਜ਼ਿੰਦਗੀ ‘ਤੇ ਵੱਡਾ ਅਸਰ ਪਾਂਦੀਆਂ ਹਨ, ਇਸ ਲਈ ਪੁਲਿਸ ਇਨ੍ਹਾਂ ਮਾਮਲਿਆਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 20 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਰਾਮਦ ਵਾਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਲਦ ਤੋਂ ਜਲਦ ਮਾਲਕਾਂ ਨੂੰ ਵਾਪਸ ਕੀਤਾ ਜਾਵੇਗਾ, ਸੰਭਵ ਹੈ ਕਿ ਸ਼ੁੱਕਰਵਾਰ ਜਾਂ ਸ਼ਨੀਵਾਰ ਤੱਕ ਜ਼ਿਆਦਾਤਰ ਵਾਹਨ ਲੋਕਾਂ ਦੇ ਹਵਾਲੇ ਕਰ ਦਿੱਤੇ ਜਾਣ। ਨਾਲ ਹੀ, ਥਾਣਿਆਂ ਦੇ ਬਾਹਰ ਖੜੇ ਪੁਰਾਣੇ ਮਾਲ ਮੁਕੱਦਮੇ ਵਾਲੇ ਵਾਹਨਾਂ ਦੀ ਡਿਸਪੋਜ਼ਲ ਲਈ ਵੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ।ਪੁਲਿਸ ਕਮਿਸ਼ਨਰ ਨੇ ਸਾਰੇ ਡੀਸੀਪੀ, ਏਸੀਪੀ ਅਤੇ ਥਾਣਾ ਪੱਧਰ ਦੀਆਂ ਟੀਮਾਂ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਭਵਿੱਖ ਵਿੱਚ ਵੀ ਅਪਰਾਧ ਰੋਕਥਾਮ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
