—ਦੋ ਤਸਕਰ ਗ੍ਰਿਫ਼ਤਾਰ, ਸੱਤ ਆਧੁਨਿਕ ਪਿਸਤੌਲ ਬਰਾਮਦ
—ਪਾਕਿਸਤਾਨ–ਅਧਾਰਤ ਹੈਂਡਲਰ ਵਟਸਐਪ ਰਾਹੀਂ ਕਰਦਾ ਸੀ ਗੈਰਕਾਨੂੰਨੀ ਹਦਾਇਤਾਂ
—-ਪੰਜਾਬ ਪੁਲਿਸ ਦੀ ਵੱਡੀ ਕਾਰਵਾਈ—ਸਰਹੱਦ ਪਾਰ ਨੈੱਟਵਰਕ ਨਸ਼ਟ ਕਰਨ ਦਾ ਦ੍ਰਿੜ ਸੰਕਲਪ
—ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡਰੋਨ ਦੇ ਰਾਹੀਂ ਇਹ ਹਥਿਆਰਾਂ ਦੀ ਖੇਪ ਸਰਹੱਦ ਪਾਰ ਤੋਂ ਆਈ ਸੀ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਸੱਤ ਆਧੁਨਿਕ ਪਿਸਤੌਲ—ਜਿਨ੍ਹਾਂ ਵਿੱਚ ਤਿੰਨ PX5 ਅਤੇ ਚਾਰ .30 ਬੋਰ ਸ਼ਾਮਲ ਹਨ—ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀਆਂ ਸਰਹੱਦ ਪਾਰੋਂ ਆ ਰਹੀ ਗੈਰਕਾਨੂੰਨੀ ਗਤੀਵਿਧੀ ’ਤੇ ਵੱਡਾ ਝਟਕਾ ਮੰਨੀ ਜਾ ਰਹੀਆਂ ਹਨ।
ਮੁੱਢਲੀ ਜਾਂਚ ਦੌਰਾਨ ਇਹ ਮਹੱਤਵਪੂਰਨ ਖੁਲਾਸਾ ਸਾਹਮਣੇ ਆਇਆ ਹੈ ਕਿ ਦੋਸ਼ੀ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਬੈਠੇ ਹੈਂਡਲਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਹਥਿਆਰਾਂ ਦੀ ਡਿਲਿਵਰੀ ਅਤੇ ਪਿਕਅਪ ਪੌਇੰਟ ਨਿਰਧਾਰਿਤ ਕਰਨ ਲਈ ਵਟਸਐਪ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ, ਜਿਸ ਰਾਹੀਂ ਇਹ ਪੂਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਤਸਕਰਾਂ ਨੂੰ ਸਪੈਸਿਫਿਕ ਲੋਕੇਸ਼ਨ ’ਤੇ ਪਹੁੰਚ ਕੇ ਹਥਿਆਰ ਇਕੱਠੇ ਕਰਨ ਦੀ ਹਦਾਇਤ ਕੀਤੀ ਜਾਂਦੀ ਸੀ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਪੂਰਾ ਮਾਮਲਾ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਜੁਗਰਾਜ ਸਿੰਘ ਤੇ ਬਲਵਿੰਦਰ ਸਿੰਘ ਇਨ੍ਹਾਂ ਦੋਵਾਂ ਨੂੰ ਕਾਬੂ ਕੀਤਾ ਗਿਆ ਹੈ। ਜੁਗਰਾਜ ਸਿੰਘ ਦੇ ਖ਼ਿਲਾਫ ਪਿਹਲਾ ਵੀ ਕਤਲ਼ ਦੇ ਕੇਸ ਦਰਜ ਹੈ।
ਪੁਲਿਸ ਦੇ ਅਨੁਸਾਰ, ਪਾਕਿਸਤਾਨ ਤੋਂ ਹਥਿਆਰ ਭੇਜਣ ਲਈ ਇਹ ਗੈਂਗ ਡਰੋਨ, ਨੈੱਟਵਰਕ ਕਾਰਿਅਰ ਅਤੇ ਸਥਾਨਕ ਸਹਾਇਕਾਂ ਦੀ ਮਦਦ ਲੈਂਦਾ ਸੀ। ਗ੍ਰਿਫ਼ਤਾਰ ਦੋਸ਼ੀਆਂ ਦੇ ਫੋਨ ਡਾਟਾ, ਵਟਸਐਪ ਚੈਟ ਅਤੇ ਹੋਰ ਡਿਜ਼ਿਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਪੂਰੇ ਕਨੈਕਸ਼ਨ ਅਤੇ ਬੈਕ-ਐਂਡ ਸਪਲਾਈ ਚੇਨ ਨੂੰ ਟ੍ਰੈਕ ਕੀਤਾ ਜਾ ਸਕੇ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸੂਬੇ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਫੀਆ ਨੂੰ ਜ਼ਰੂਰ ਕਾਬੂ ਕੀਤਾ ਜਾਵੇਗਾ। ਉੱਚ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਮਾਡਿਊਲਾਂ ਨੂੰ ਤੋੜਨ ਲਈ ਵਿਸ਼ੇਸ਼ ਓਪਰੇਸ਼ਨ ਲਗਾਤਾਰ ਚਲਾਏ ਜਾ ਰਹੇ ਹਨ, ਅਤੇ ਭਵਿੱਖ ਵਿੱਚ ਵੀ ਇਸ ’ਤੇ ਹੋਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
