—ਪਾਕਿਸਤਾਨ ਬੇਸਡ ਹਨਡਲਰਾਂ ਦੇ ਇਸ਼ਾਰੇ ’ਤੇ ਹੋ ਰਹੇ ਸਨ ਹਮਲੇ
—ਦੋਸ਼ੀਆਂ ਦੀ ਪਛਾਣ—ਈਸ਼ਾਨ ਅਖ਼ਤਰ ਅਤੇ ਸ਼ਹਜ਼ਾਦ ਭੱਟੀ ਮੁੱਖ ਜ਼ਿੰਮੇਦਾਰ
—ਦਿੱਲੀ ਪੁਲਿਸ ਵੱਲੋਂ ਵੀ 2 ਮੁਲਜ਼ਮ ਗ੍ਰਿਫ਼ਤਾਰ, ਜਲਦੀ ਲਿਆਂਦੇ ਜਾਣਗੇ ਪ੍ਰੋਡਕਸ਼ਨ ਵਾਰੰਟ ’ਤੇ
ਅੰਮ੍ਰਿਤਸਰ ਵਿੱਚ ਬੋਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਯਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਮਿਲਜੁਲ ਕਰ ਇੱਕ ਅੰਤਰਰਾਸ਼ਟਰੀ ਆਤੰਕੀ ਮਾਡਿਊਲ ਨੂੰ ਨਸ਼ਟ ਕਰ ਦਿੱਤਾ ਹੈ। ਇਹ ਗਿਰੋਹ ਪਾਕਿਸਤਾਨ ਵਿੱਚ ਬੈਠੇ ਹਨਡਲਰਾਂ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਗ੍ਰੇਨੇਡ ਹਮਲੇ ਕਰਵਾ ਰਿਹਾ ਸੀ।
ਡੀਆਈਜੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਈਸ਼ਾਨ ਅਖ਼ਤਰ ਅਤੇ ਸ਼ਹਜ਼ਾਦ ਭੱਟੀ ਮੁੱਖ ਸਾਜ਼ਿਸ਼ਕਾਰ ਨਿਕਲੇ ਹਨ, ਜੋ ਵਿਦੇਸ਼ ’ਚ ਬੈਠ ਕੇ ਪੂਰਾ ਨੈੱਟਵਰਕ ਚਲਾ ਰਹੇ ਸਨ। ਅਮਨਦੀਪ ਨਾਮਕ ਨੌਜਵਾਨ ਨੂੰ ਆਈਐਸਆਈ ਦੇ ਇਸ਼ਾਰੇ ’ਤੇ ਗ੍ਰੇਨੇਡ ਮੁਹੱਈਆ ਕਰਵਾਏ ਜਾਂਦੇ ਸਨ ਅਤੇ ਉਹ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹਮਲੇ ਕਰ ਰਿਹਾ ਸੀ।
ਡੀਆਈਜੀ ਨੇ ਖੁਲਾਸਾ ਕੀਤਾ ਕਿ ਸਭ ਤੋਂ ਪਹਿਲਾ ਹਮਲਾ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ’ਤੇ ਕੀਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਵਿਆਪਕ ਪੁੱਛਗਿੱਛ ਕੀਤੀ, ਜਿਸ ਦੌਰਾਨ ਪੂਰਾ ਮਾਡਿਊਲ ਸਾਹਮਣੇ ਆ ਗਿਆ। ਇਸੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਵੀ 2 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਨੂੰ ਜ਼ਲਦ ਹੀ ਪ੍ਰੋਡਕਸ਼ਨ ਵਾਰੰਟ ’ਤੇ ਅੰਮ੍ਰਿਤਸਰ ਲਿਆਂਦਾ ਜਾਵੇਗਾ।
ਡੀਆਈਜੀ ਸੰਦੀਪ ਗੋਯਲ ਨੇ ਦੱਸਿਆ ਕਿ ਇੱਕ ਹਮਲੇ ਤੋਂ 4–5 ਦਿਨ ਬਾਅਦ ਇਨ੍ਹਾਂ ਦੋਸ਼ੀਆਂ ਨੇ ਦੁਬਾਰਾ ਗ੍ਰੇਨੇਡ ਹਮਲਾ ਕੀਤਾ। ਨਾਕਾਬੰਦੀ ਦੌਰਾਨ ਪੁਲਿਸ ਨੇ ਜਦੋਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਦੋ ਨੌਜਵਾਨ ਜ਼ਖ਼ਮੀ ਹੋਏ ਅਤੇ ਉਨ੍ਹਾਂ ਤੋਂ ਇੱਕ ਹਨਡ ਗ੍ਰੇਨੇਡ ਵੀ ਬਰਾਮਦ ਹੋਇਆ।
ਡੀਆਈਜੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਦਿੱਲੀ ਪੁਲਿਸ ਨੇ 2 ਹੋਰ ਨੂੰ ਕਾਬੂ ਕੀਤਾ ਹੈ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਵੀ ਇਸ ਕੇਸ ਵਿੱਚ ਵਾਂਟੇਡ ਹਨ।
ਡੀਆਈਜੀ ਗੋਯਲ ਨੇ ਕਿਹਾ ਕਿ ਦੋਸ਼ੀਆਂ ਦੇ ਟਾਰਗੇਟ ਵੱਡੇ ਸਨ। ਪਹਿਲਾ ਟਾਰਗੇਟ ਪੁਲਿਸ ਸਟੇਸ਼ਨ ਸੀ, ਜਿੱਥੇ ਬਲਾਸਟ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਬਲਾਸਟ ਕਰਨ ਦੀ ਯੋਜਨਾ ਵੀ ਤਿਆਰ ਸੀ। ਪਾਕਿਸਤਾਨ ਦੀ ਆਈਐਸਆਈ ਵੱਲੋਂ ਭਾਰਤ ਵਿੱਚ ਅਰਾਜਕਤਾ ਫੈਲਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ, ਪਰ ਪੰਜਾਬ ਪੁਲਿਸ ਇਸ ਯੋਜਨਾ ਨੂੰ ਸਫਲ ਨਹੀਂ ਹੋਣ ਦੇਵੇਗੀ।
