– ਰਜਿਸਟਰੀਆਂ ਅਤੇ ਹੋਰ ਕੰਮ ਕਰਵਾਉਣ ਆਏ ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨ ਦੀਆਂ ਹਦਾਇਤਾਂ ਦਿੱਤੀਆਂ
ਦੋਰਾਂਗਲਾ/ਦੀਨਾਨਗਰ, 24 ਫਰਵਰੀ ( ਪਰਮਵੀਰ ਰਿਸ਼ੀ) – ਐੱਸ.ਡੀ.ਐੱਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਵੱਲੋਂ ਅੱਜ ਸਬ-ਤਹਿਸੀਲ ਦਫ਼ਤਰ ਦੋਰਾਂਗਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਦੋਰਾਂਗਲਾ ਵੱਲੋਂ ਅੱਜ ਕੀਤੀਆਂ ਰਜਿਸਟਰੀਆਂ ਦਾ ਰਿਕਾਰਡ ਚੈੱਕ ਕੀਤਾ ਅਤੇ ਰਜਿਸਟਰੀ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਐੱਸ.ਡੀ.ਐੱਮ. ਦੀਨਾਨਗਰ. ਜਸਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦੀਆਂ ਹਦਾਇਤਾਂ ਤਹਿਤ ਉਨ੍ਹਾਂ ਵੱਲੋਂ ਅੱਜ ਸਬ-ਤਹਿਸੀਲ ਦੋਰਾਂਗਲਾ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਤਹਿਸੀਲ ਦਫ਼ਤਰਾਂ ਦੀ ਕਾਰਗੁਜ਼ਾਰੀ ਨੂੰ ਦੇਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰਾਂ ਵਿੱਚ ਲੋਕਾਂ ਦੀ ਖ਼ੱਜਲ-ਖ਼ੁਆਰੀ ਬਿਲਕੁਲ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਲੋਕਾਂ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਜਾਂ ਉਨ੍ਹਾਂ ਨੂੰ ਖ਼ੱਜਲ਼-ਖ਼ੁਆਰ ਕਰਦਾ ਹੈ ਤਾਂ ਅਜਿਹੇ ਅਧਿਕਾਰੀਆਂ ਤੇ ਕਰਮੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਫ਼ਤਰ ਕੰਮ ਕਰਵਾਉਣ ਆਏ ਹਰ ਵਿਅਕਤੀ ਦੀ ਗੱਲ ਗੌਰ ਨਾਲ ਸੁਣੀ ਜਾਵੇ ਅਤੇ ਨਿਯਮਾਂ ਅਨੁਸਾਰ ਲੋਕਾਂ ਦੇ ਕੰਮ ਕੀਤੇ ਜਾਣ।
ਇਸ ਮੌਕੇ ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਨੇ ਖੁਸ਼ੀਪੁਰ ਪਿੰਡ ਦੇ ਵਸਨੀਕ ਸਤਨਾਮ ਸਿੰਘ ਜੋ ਕਿ ਸਬ-ਤਹਿਸੀਲ ਦਫ਼ਤਰ ਦੋਰਾਂਗਲਾ ਵਿਖੇ ਆਪਣੀ ਰਜਿਸਟਰੀ ਕਰਵਾਉਣ ਆਏ ਸਨ ਉਨ੍ਹਾਂ ਨਾਲ ਗੱਲਬਾਤ ਕੀਤੀ। ਸਤਨਾਮ ਸਿੰਘ ਨੇ ਆਪਣੀ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਸਬ-ਤਹਿਸੀਲ ਦੋਰਾਂਗਲਾ ਵਿੱਚ ਉਸ ਦੀ ਰਜਿਸਟਰੀ ਬਿਨਾਂ ਕਿਸੇ ਮੁਸ਼ਕਲ ਦੇ ਹੋ ਗਈ ਹੈ ਅਤੇ ਉਹ ਦਫ਼ਤਰੀ ਸਟਾਫ਼ ਦੇ ਵਤੀਰੇ ਅਤੇ ਕੰਮ-ਕਾਜ ਤੋਂ ਸੰਤੁਸ਼ਟ ਹਨ।
ਐੱਸ.ਡੀ.ਐੱਮ ਦੀਨਾਨਗਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਜਿਸਟਰੀ ਕਰਵਾਉਣ ਆਉਣ ਤੋਂ ਪਹਿਲਾਂ ਆਪਣੇ ਸਾਰੇ ਲੋੜੀਂਦੇ ਕਾਗ਼ਜ਼-ਪੱਤਰ ਪੂਰੇ ਕਰਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
