–ਮਾਮਲਿਆਂ ਦੀ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਵਿਚ ਜਾਂਚ ਹੋਵੇ-ਮਜੀਠੀਆ
ਅੰਮ੍ਰਿਤਸਰ, 7 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਚਲ ਰਹੀਆਂ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਉਮੀਦਵਾਰਾਂ ਦੇ ਹੱਕ ਵਿਚ ’ਸਰਬਸੰਮਤੀ’ ਕਰਵਾਏ ਜਾਣ ਲਈ ਖ਼ਤਰਨਾਕ ਗੈਂਗਸਟਰਾਂ ਦੀ ਵਰਤੋਂ ਦੇ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਅਤੇ ਟਿਕਟਾਂ ਦੀ ’ਯਕੀਨੀ’ ਵਿਕਰੀ ਤੇ ਇਤਰਾਜ਼ਯੋਗ ਨਹੀਂ ਸਰਟੀਫਿਕੇਟ ਜਾਰੀ ਕਰਨ ਵਾਸਤੇ ਰਿਸ਼ਵਤ ਇਕੱਠੀ ਕਰਨ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਵੀ ਮੰਗ ਕੀਤੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਜਿਹਨਾਂ ਦਾ 2019 ਵਿਚ ਕਤਲ ਕਰ ਦਿੱਤਾ ਗਿਆ, ਦੇ ਭਰਾ ਬਲਜਿੰਦਰ ਸਿੰਘ ਨੂੰ ਪੇਸ਼ ਕੀਤਾ ਜਿਹਨਾਂ ਨੇ ਸਾਬਤ ਕੀਤਾ ਕਿ ਕਿਵੇਂ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਪੰਚਾਇਤ ਚੋਣਾਂ ਨੂੰ ਪ੍ਰਭਾਵਤ ਕਰਨ ਵਾਸਤੇ ਧਮਕੀਆਂ ਦੇ ਰਿਹਾ ਹੈ। ਬਲਜਿੰਦਰ ਸਿੰਘ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਆਪਣੇ ਉਮੀਦਵਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਭਗਵਾਨਪੁਰੀਆ ਦੇ ਉਮੀਦਵਾਰ ਨੇ ਹਵਾ ਵਿਚ ਗੋਲੀ ਚਲਾਈ ਤੇ ਉਹਨਾਂ ਦੇ ਵਾਹਨ ਨੂੰ ਰੋਕ ਕੇ ਉਹਨਾਂ ਨੂੰ ਡਰਾਉਣ ਦਾ ਯਤਨ ਕੀਤਾ। ਬਲਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਬਾਅਦ ਵਿਚ ਇਕ ਵਿਅਕਤੀ ਉਹਨਾਂ ਦੇ ਘਰ ਆਇਆ ਅਤੇ ਉਸਦੀ ਗੱਲ ਭਗਵਾਨਪੁਰੀਆ ਨਾਲ ਕਰਵਾਈ ਜਿਸਨੇ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਉਸਦੇ ਭਰਾ ਦੇ ਰਾਹ ਵਿਚ ਰੁਕਾਵਟ ਬਣਿਆ ਤਾਂ ਉਸਦਾ ਹਾਲ ਵੀ ਇਹੋ ਕੁਝ ਹੋਵੇਗਾ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੰਨਾ ਹੀ ਕਾਫੀ ਨਹੀਂ, ਜੱਗੂ ਭਗਵਾਨਪੁਰੀਆ ਦੇ ਸਾਥੀ ਬਲਵਿੰਦਰ, ਜਿਸਨੂੰ ਸਜ਼ਾ ਹੋਈ ਸੀ ਤੇ ਉਹ ਸਾਢੇ ਚਾਰ ਸਾਲਾਂ ਬਾਅਦ ਜ਼ਮਾਨਤ ’ਤੇ ਰਿਹਾਅ ਹੈ, ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰਦਾਸਪੁਰ ਵਿਚ ਦਾਖਲ ਹੋਣ ਤੋਂ ਰੋਕਿਆ ਸੀ ਪਰ ਉਹ ਸ਼ਰ੍ਹੇਆਮ ਜ਼ਿਲ੍ਹੇ ਵਿਚ ਚੋਣ ਪ੍ਰਚਾਰ ਕਰ ਰਿਹਾ ਹੈ ਅਤੇ ਉਹਨਾਂ ਨੇ ਆਪਣੀ ਗੱਲ ਦੇ ਸਬੂਤ ਵਜੋਂ ਵੀਡੀਓ ਵੀ ਵਿਖਾਈ।
ਮਜੀਠੀਆ ਨੇ ਇਕ ਹੋਰ ਵੀਡੀਓ ਵਿਖਾਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੇ ਗੱਲ ਵਿਚ ਜੱਗੂ ਭਗਵਾਨਪੁਰੀਆ ਦੇ ਭਰਾ ਵੱਲੋਂ ਉਸਦੀ ਭਗਵਾਨਪੁਰ ਪਿੰਡ ਦੇ ਸਰਪੰਚ ਵਜੋਂ ’ਸਰਬਸੰਮਤੀ’ ਨਾਲ ਚੋਣ ਹੋਣ ’ਤੇ ਹਾਰ ਪਾਏ ਜਾ ਰਹੇ ਹਨ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਵਿਚ ਗੈਂਗਸਟਰਾਂ ਦੀ ਵਰਤੋਂ ਇਹਨਾਂ ਚੋਣਾਂ ਨੂੰ ਆਪਣੇ ਹੱਕ ਵਿਚ ਕਰਨ ਵਾਸਤੇ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦੇ ਅਹੁਦੇਦਾਰਾਂ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ ’ਸਰਬਸੰਮਤੀ’ ਕਰਵਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਦੇ ਅਹੁਦੇਾਰਾਂ ਨੇ ਚੁੱਲ੍ਹਾ ਟੈਕਸ ਜੋ ਸਿਰਫ 7 ਰੁਪਏ ਸਾਲਾਨਾ ਹੈ, ਦੀ ਐਨ ਓ ਸੀ ਜਾਰੀ ਕਰਵਾਉਣ ਵਾਸਤੇ 50 ਹਜ਼ਾਰ ਰੁਪਏ ਪ੍ਰਤੀ ਕੇਸ ਇਕੱਤਰ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਾਰੇ ਭ੍ਰਿਸ਼ਟਾਚਾਰ ਦੇ ਤਾਰ ਉਪਰੋਂ ਹੇਠਾਂ ਤੱਕ ਜੁੜੇ ਹਨ ਅਤੇ ਇਸਦੀ ਸੀ ਬੀ ਆਈ ਜਾਂਚ ਦੀ ਜ਼ਰੂਰਤ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਹਥਿਆਰਾਂ ’ਤੇ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਸੱਤਾਧਾਰੀ ਪਾਰਟੀ ਦੇ ਮੈਂਬਰ ਵਿਰੋਧੀ ਧਿਰ ਨੂੰ ਡਰਾਉਣ ਧਮਕਾਉਣ ਵਾਸਤੇ ਹਥਿਆਰਾਂ ਦੀ ਖੁੱਲ੍ਹੇਆਮ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਘੋਖ ਮਗਰੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਨਾਂ ਰੱਦ ਕਰਨ ਵਾਸਤੇ ਰਿਟਰਨਿੰਗ ਅਫਸਰਾਂ ਨੂੰ ਵੀ ਮਜਬੂਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕਿਵੇਂ ਮਜੀਠਾ ਵਿਚ ਅਨੇਕਾਂ ਪਿੰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ।