ਬਟਾਲਾ 29 ਸਿਤੰਬਰ–ਕਾਦੀਆਂ ਦੇ ਪਿੰਡ ਲੀਲ ਕਲਾਂ ਵਿਖੇ ਗੁਰਦੁਆਰਾ ਮੱਕਾ ਸਾਹਿਬ ਦੇ ਸਰੋਵਰ ਵਿੱਚ ਪਤੀ ਨੂੰ ਬਚਾਉਂਦਿਆਂ ਪਤਨੀ ਦੇ ਪਤੀ ਸਮੇਤ ਡੁੱਬਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਕੰਡੀਲੇ ਤੋਂ ਬਲਵੰਤ ਸਿੰਘ ਆਪਣੇ ਮੋਟਰਸਾਈਕਲ ‘ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਗੁਰਦੁਆਰਾ ਮੱਕਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ। ਜਦੋਂ ਬਲਵੰਤ ਸਿੰਘ ਸਰੋਵਰ ਵਿਚ ਇਸ਼ਨਾਨ ਕਰਨ ਲਈ ਵੜਿਆ ਤਾਂ ਅਚਾਨਕ ਉਹ ਡੁੱਬਣ ਲੱਗ ਪਿਆ ਤਾਂ ਉਸ ਦੀ ਪਤਨੀ ਰਣਜੀਤ ਕੌਰ ਨੇ ਆਪਣੀ ਚੁੰਨੀ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡੁੱਬ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਐਸਐਚ ਓ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚੇ ਅਤੇ ਦੋਨਾਂ ਲਾਸ਼ਾਂ ਦੇ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ । ਐਸਐਚ ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਲਾ ਲੀਲ ਕਲਾ ਵਿਖੇ ਸਾਈਕਲ ਰਿਪੇਅਰ ਦੀ ਦੁਕਾਨ ਸੀ ਤੇ ਬਾਅਦ ਵਿੱਚ ਇਸ ਨੇ ਆਪਣੇ ਪਿੰਡ ਕੰਡੀਲੇ ਵਿਖੇ ਦੁਕਾਨ ਪਾ ਲਈ ਅਤੇ ਹਰ ਐਤਵਾਰ ਆਪਣੀ ਪਤਨੀ ਦੇ ਨਾਲ ਗੁਰਦੁਆਰਾ ਮੱਕਾ ਸਾਹਿਬ ਪਿੰਡ ਲੀਲ ਕਲਾਂ ਵਿਖੇ ਮੱਥਾ ਟੇਕਣ ਲਈ ਆਉਂਦੇ ਸਨ। ਵਿਅਕਤੀ ਦੀ ਲੱਤ ਠੀਕ ਨਾ ਹੋਣ ਕਾਰਨ ਉਸ ਨੂੰ ਜਦੋਂ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਸੀ ਤਾਂ ਠੇਡਾ ਲੱਗਣ ਕਾਰਨ ਉਹ ਡੁੱਬ ਗਿਆ ।ਪੁਲਿਸ ਦੀ ਪਤਨੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਤਨੀ ਵੀ ਨਾਲ ਹੀ ਸਰੋਵਰ ਵਿੱਚ ਡੁੱਬ ਗਈ। ਘਟਨਾ ਸਵੇਰੇ 5.30 ਤੋਂ 6 ਵਜੇ ਦੇ ਲਗਭਗ ਦੀ ਹੈ। ਮ੍ਰਿਤਕ ਪਤੀ ਪਤਨੀ ਆਪਣੇ ਪਿਛੇ ਤਿੰਨ ਬੱਚਿਆਂ ਨੂੰ ਛੱਡ ਗਏ ਹਨ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਦੋਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਪਿੰਡ ਕੰਡੀਲਾ ਅਤੇ ਪਿੰਡ ਲੀਲ ਕਲਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਸੀ ।