ਬਿਰਧ ਆਸ਼ਰਮ ਦਾ 10ਵਾਂ ਸਥਾਪਨਾ ਦਿਵਸ ਮਨਾਇਆ
ਐੱਸ.ਡੀ.ਐੱਮ. ਗੁਰਦਾਸਪੁਰ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਗੁਰਦਾਸਪੁਰ, 6 ਅਕਤੂਬਰ – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਬੱਬਰੀ ਦੇ ਨਜ਼ਦੀਕ ਬਣਾਏ ਬਿਰਦ ਆਸ਼ਰਮ ਦਾ 10ਵਾਂ ਸਥਾਪਨਾ ਦਿਵਸ ਬੀਤੀ ਸ਼ਾਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਸਥਾਪਨਾ ਦਿਵਸ ਸਬੰਧੀ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਬਿਰਦ ਆਸ਼ਰਮ ਦਾ ਨਿਰਮਾਣ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸਦਾ ਉਦਘਾਟਨ ਸਾਲ 2013 ਵਿੱਚ ਹੋਇਆ ਸੀ।
ਇਸ ਆਸ਼ਰਮ ਨੂੰ ਸਰਕਾਰ ਦੀ ਮਦਦ ਨਾਲ ਚਲਾ ਰਹੀ ਗੈਰ-ਸਰਕਾਰੀ ਸੰਸਥਾ ਹੈਲਏਜ ਇੰਡੀਆ ਵੱਲੋਂ ਇਸ ਬਿਰਦ ਆਸ਼ਰਮ ਦੇ 10 ਸਾਲ ਪੂਰੇ ਹੋਣ `ਤੇ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਵਿੱਚ ਇੱਕ ਡਾਕੂਮੈਂਟਰੀ ਫਿਲਮ ਰਾਹੀਂ ਬਿਰਦ ਆਸ਼ਰਮ ਦੇ ਪਿਛਲੇ 10 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਦਿਖਾਇਆ ਗਿਆ। ਇਸ ਮੌਕੇ ਨੌਜਵਾਨਾਂ ਵੱਲੋਂ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਕਿਹਾ ਕਿ ਗੁਰਦਾਸਪੁਰ ਦਾ ਇਹ ਬਿਰਦ ਆਸ਼ਰਮ ਬੇਸਾਹਾਰਾ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਮੁੱਢਲਾ ਤੇ ਇਖਲਾਕੀ ਫ਼ਰਜ ਹੈ ਅਤੇ ਇਸ ਬਿਰਦ ਆਸ਼ਰਮ ਵਿੱਚ ਬਜ਼ੁਰਗਾਂ ਦਾ ਹਰ ਤਰਾਂ ਨਾਲ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਬਿਰਦ ਆਸ਼ਰਮ ਵਿੱਚ ਸੇਵਾ ਕਰ ਰਹੇ ਵਲੰਟੀਅਰਜ਼ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਬਿਰਦ ਆਸ਼ਰਮ ਦੀ ਸੰਚਾਲਕ ਮੈਡਮ ਅਰਪਨਾ ਨੇ ਬਜ਼ੁਰਗਾਂ ਦੀ ਸੇਵਾ-ਸੰਭਾਲ ਸਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਬਿਰਦ ਆਸ਼ਰਮ ਦੇ ਬਜ਼ੁਰਗਾਂ ਅਤੇ ਆਏ ਹੋਏ ਮਹਿਮਾਨਾਂ ਨੇ ਕੇਕ ਕੱਟ ਕੇ ਸਥਾਪਨਾ ਦਿਵਸ ਦੀਆਂ ਖੁਸ਼ੀਆਂ ਮਨਾਈਆਂ।