ਬਟਾਲਾ- ਕਮਿਸ਼ਨਰ ਨਗਰ ਨਿਗਮ ਬਟਾਲਾ, ਡਾ ਸ਼ਾਇਰੀ ਭੰਡਾਰੀ ਦੀ ਅਗਵਾਈ ਹੇਠ, ਨਗਰ ਨਿਗਮ ਬਟਾਲਾ ਵਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸ਼ਵ ਤਹਿਤ, ਮੇਰਾ ਸ਼ਹਿਰ ਮੇਰਾ ਮਾਣ-ਤਹਿਤ ਸਪੈਸ਼ਲ ਸਫਾਈ ਅਭਿਆਨ ਵਾਰਡ ਨੰਬਰ 33 ਬਟਾਲਾ ਵਿੱਚ ਚਲਾਇਆ ਗਿਆ। ਇਸ ਮੌਕੇ ਸ਼ਿਵ ਕੁਮਾਰ ਸੁਪਰਡੈਂਟ ਕਮਿਸ਼ਨਰ -ਕਮ-ਸੈਕਟਰੀ ਕਾਰਪੋਰੇਸ਼ਨ, ਐਸਡੀਓ ਪਰਮਜੋਤ ਸਿੰਘ,ਜੀਈ ਰੋਹਿਤ ਉੱਪਲ,ਯਸ਼ਪਾਲ ਚੌਹਾਨ ਸੀਨੀਅਰ ਆਗੂ ਆਪ ਪਾਰਟੀ,ਵਾਰਡ ਨੰਬਰ 33 ਦੇ ਇੰਚਾਰਜ ਐਡਵੋਕੇਟ ਭਾਰਤ ਅਗਰਵਾਲ, ਚੀਫ ਸੈਨੇਟਰੀ ਇੰਸਪੈਕਟਰ ਵਿਕਰਮ ਸਿੰਘ ਤੇ ਅਜੇ ਕੁਮਾਰ, ਸੈਨੇਟਰੀ ਇੰਸਪੈਕਟਰ ਦਿਲਬਾਗ ਸਿੰਘ ਤੇ ਵਿਕਾਸ ਆਦਿ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਕਮਿਸ਼ਨਰ ਕਾਰਪੋਰੇਸ਼ਨ ਡਾ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੇਰਾ ਸ਼ਹਿਰ ਮੇਰਾ ਮਾਣ ਤਹਿਤ ਸ਼ਹਿਰ ਦੀ ਇੱਕ ਵਾਰਡ ਵਿੱਚ ਸਪੈਸ਼ਲ ਸਫਾਈ ਅਭਿਆਨ ਚਲਾਇਆ ਜਾਂਦਾ ਹੈ। ਅੱਜ ਵਾਰਡ ਨੰਬਰ 33, ਧਰਮਪੁਰਾ ਕਾਲੋਨੀ ਵਿੱਚ ਚਲਾਏ ਗਏ ਸਪੈਸ਼ਲ ਸਫਾਈ ਅਭਿਆਨ ਵਿੱਚ 40 ਸਫਾਈ ਸੇਵਕਾਂ, ਸਟਰੀਟ ਲਾਈਟਸ ਮੈਨਟੇਨਸ ਟੀਮ, ਪੇਚ ਵਰਕ ਦੀ ਇੰਜੀਨਰਿੰਗ ਬਰਾਂਚ, ਪ੍ਰਾਪਰਟੀ ਟੈਕਸ ਟੀਮ ਅਤੇ ਪੈਨਸ਼ਨ ਕਾਰਡ ਟੀਮ ਆਦਿ ਵਲੋਂ ਮੌਕੇ ਤੇ ਵਾਰਡ ਨਾਲ ਸਬੰਧਤ ਕੰਮ ਕੀਤੇ ਗਏ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ।
ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਅੱਗੇ ਕਿਹਾ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਰੋਜਾਨਾ ਸਾਫ ਸਫਾਈ ਕੀਤੀ ਜਾਂਦੀ ਹੈ ਅਤੇ ਇਥੋਂ ਤੱਕ ਕਿ ਸ਼ਹਿਰ ਅੰਦਰ ਰਾਤ ਵੇਲੇ ਵੀ ਸਾਫ ਸਫਾਈ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਹਰ ਸ਼ੁੱਕਰਵਾਰ ਮੇਰਾ ਸ਼ਹਿਰ ਮੇਰਾ ਮਾਣ ਤਹਿਤ ਸਪੈਸ਼ਲ ਸਫਾਈ ਅਭਿਆਨ ਚਲਾਇਆ ਜਾਂਦਾ ਹੈ ਤਾਂ ਜੋ ਕਿਸੇ ਇੱਕ ਵਾਰਡ ਵਿੱਚ ਸਾਫ ਸਫਾਈ ਤੋਂ ਇਲਾਵਾ ਦੂਜੇ ਲੋੜੀਂਦੇ ਕੰਮ ਵੀ ਕੀਤੇ ਜਾ ਸਕਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਨੂੰ ਸਾਫ਼ ਸੁਥਰਾ ਤੇ ਸੁੰਦਰ ਰੱਖਣ ਲਈ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਗੱਲ ਕਰਦਿਆਂ ਵਾਰਡ ਨੰਬਰ 33 ਦੇ ਇੰਚਾਰਜ ਐਡਵੋਕੇਟ ਭਾਰਤ ਅਗਰਵਾਲ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਯਸ਼ਪਾਲ ਚੌਹਾਨ ਨੇ ਕਿਹਾ ਕਿ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਡਾ ਸ਼ਾਇਰੀ ਭੰਡਾਰੀ ਵਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਸ਼ਹਿਰ ਬਟਾਲਾ ਨੂੰ ਖੂਬਸੂਰਤ ਬਣਾਉਣ ਲਈ ਖਾਸ ਰਣਨੀਤੀ ਉਲੀਕੀ ਗਈ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।