-ਅਕਸ਼ੈ ਸ਼ਰਮਾ ਦੀ ਪਹਲ ਨਾਲ ਹਲਕਾ ਉੱਤਰੀ ਤੋਂ 150 ਬੱਸਾਂ ਰਾਹੀਂ 12,000 ਸ਼ਰਧਾਲੂਆਂ ਨੇ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ।
-ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫ੍ਰੀ ਬੱਸ ਸੇਵਾ ਨੇ ਸਾਂਝੀ ਵਾਰਤਾ ਅਤੇ ਭਾਈਚਾਰੇ ਦਾ ਦਿੱਤਾ ਮਜ਼ਬੂਤ ਸੰਦੇਸ਼
ਅੰਮ੍ਰਿਤਸਰ 27 ਦਿਸੰਮਬਰ -(ਪਰਮਵੀਰ ਰਿਸ਼ੀ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ “ਸਫ਼ਰ-ਏ-ਸ਼ਹਾਦਤ” ਦੇ ਤਹਿਤ ਹਲਕਾ ਉੱਤਰੀ ਤੋਂ ਸੇਵਾਦਾਰ ਅਤੇ ਭਾਜਪਾ ਨੇਤਾ ਅਕਸ਼ੈ ਸ਼ਰਮਾ ਵੱਲੋਂ ਸ਼ੁਰੂ ਕੀਤੀ ਗਈ ਫ੍ਰੀ ਬੱਸ ਸੇਵਾ ਨੇ ਸਾਂਝੀ ਵਾਰਤਾ, ਭਾਈਚਾਰੇ ਅਤੇ ਏਕਤਾ ਦਾ ਮਜ਼ਬੂਤ ਸੰਦੇਸ਼ ਦਿੱਤਾ। ਸੱਤ ਦਿਨ ਤੱਕ ਚੱਲੀ ਇਸ ਸੇਵਾ ਦੌਰਾਨ ਕੁੱਲ 150 ਬੱਸਾਂ ਰਾਹੀਂ ਲਗਭਗ 12,000 ਸ਼ਰਧਾਲੂਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਮੱਥਾ ਟੇਕਿਆ।
ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਇਸ ਧਾਰਮਿਕ ਅਤੇ ਸਮਾਜਿਕ ਪਹਲ ਦਾ ਸਮਾਪਨ ਅੱਜ ਹੋਇਆ, ਜਿਸ ਦੌਰਾਨ ਆਖ਼ਰੀ ਦਿਨ 40 ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਕੀਤੀਆਂ ਗਈਆਂ। ਇਸ ਸੇਵਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਾਮਿਲ ਹੋਏ, ਉੱਥੇ ਹੀ ਹਿੰਦੂ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਵਧ-ਚੜ੍ਹ ਕੇ ਭਾਗ ਲਿਆ ਅਤੇ ਇਸ ਪਹਲ ਲਈ ਅਕਸ਼ੈ ਸ਼ਰਮਾ ਦੀ ਖੁਲ੍ਹ ਕੇ ਸਰਾਹਨਾ ਕੀਤੀ।

ਇਸ ਮੌਕੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਇਸ ਸੇਵਾ ਦੀ ਸ਼ੁਰੂਆਤ ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੀ ਮਹਾਨਤਾ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਜਿਸ ਅਦੁੱਤੀ ਵੀਰਤਾ ਅਤੇ ਬਲਿਦਾਨ ਦੀ ਮਿਸਾਲ ਕਾਇਮ ਕੀਤੀ, ਉਸਨੂੰ ਸਿਰਫ਼ ਯਾਦ ਕਰਨਾ ਹੀ ਨਹੀਂ, ਬਲਕਿ ਸਮਝਣਾ ਵੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇਸ ਸਫ਼ਰ ਨੂੰ ਘੱਟ ਬੱਸਾਂ ਨਾਲ ਕਰਨ ਦੀ ਯੋਜਨਾ ਸੀ, ਪਰ ਸੇਵਾ ਨਾਲ ਜੁੜਦੇ ਹੱਥਾਂ ਨੇ ਇਸਨੂੰ ਵਿਸ਼ਾਲ ਰੂਪ ਦੇ ਦਿੱਤਾ। ਢਿੱਲੋਂ ਬੱਸ ਸਰਵਿਸ ਅਤੇ ਔਲਖ ਬੱਸ ਸਰਵਿਸ ਵੱਲੋਂ ਨਿਃਸ਼ੁਲਕ ਬੱਸਾਂ ਮੁਹੱਈਆ ਕਰਵਾਈਆਂ ਗਈਆਂ, ਜਦਕਿ ਸ਼ੋਭਿਤ ਬੱਬਰ ਵੱਲੋਂ ਇੰਧਨ ਅਤੇ ਹੋਰ ਕਈ ਸਹਿਯੋਗੀਆਂ ਵੱਲੋਂ ਵੱਖ-ਵੱਖ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਗਿਆ।
ਅਕਸ਼ੈ ਸ਼ਰਮਾ ਨੇ ਕਿਹਾ ਕਿ ਦੇਸ਼-ਵਿਦੇਸ਼ ਅਤੇ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਐਸੀ ਲਾਸਾਨੀ ਸ਼ਹਾਦਤ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗੀ। ਉਨ੍ਹਾਂ ਸਾਰੇ ਸ਼ਰਧਾਲੂਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਪਾਵਨ ਧਰਤੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਨਤਮਸਤਕ ਹੋਣ ਦੇ ਨਾਲ-ਨਾਲ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਵੱਡੀ ਸਫਲਤਾ ਬਣਾਇਆ।
ਉਨ੍ਹਾਂ ਕਿਹਾ ਕਿ ਧਰਮ ਸਾਨੂੰ ਆਪਸੀ ਪ੍ਰੇਮ, ਭਾਈਚਾਰੇ ਅਤੇ ਇੱਕ-ਦੂਜੇ ਨਾਲ ਖੜ੍ਹੇ ਹੋਣ ਦੀ ਸਿੱਖਿਆ ਦਿੰਦਾ ਹੈ। ਅੱਜ ਪੰਜਾਬ ਨੂੰ ਪੰਜਾਬੀਅਤ ਬਚਾਉਣ ਲਈ ਆਪਸੀ ਸੌਹਾਰਦ ਅਤੇ ਏਕਤਾ ਦੀ ਸਭ ਤੋਂ ਵੱਧ ਲੋੜ ਹੈ। ਸਾਰੇ ਧਰਮ ਮਨੁੱਖਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਹੀ ਸੰਦੇਸ਼ ਦਿੰਦੇ ਹਨ।
ਕਾਰਜਕ੍ਰਮ ਦੌਰਾਨ ਸਿੱਖ, ਹਿੰਦੂ, ਮੁਸਲਿਮ ਅਤੇ ਇਸਾਈ ਧਰਮਾਂ ਦੇ ਅਨੁਯਾਈਆਂ ਨੇ ਇਕੱਠੇ ਅਰਦਾਸ ਕਰਕੇ ਪਰਮਾਤਮਾ ਅੱਗੇ ਨਤਮਸਤਕ ਹੋ ਕੇ ਪ੍ਰਾਰਥਨਾ ਕੀਤੀ ਕਿ ਨੌਜਵਾਨਾਂ ਨੂੰ ਸਹੀ ਰਾਹ ਦਿਖਾਇਆ ਜਾਵੇ, ਉਨ੍ਹਾਂ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਦੂਰ ਰੱਖ ਕੇ ਸੇਵਾ, ਤਿਆਗ ਅਤੇ ਭਾਈਚਾਰੇ ਦੀ ਭਾਵਨਾ ਨਾਲ ਜੋੜਿਆ ਜਾਵੇ।
ਅੰਤ ਵਿੱਚ ਗਤਕਾ ਪ੍ਰਦਰਸ਼ਨ ਕੀਤਾ ਗਿਆ ਅਤੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਸ਼ਰਧਾਲੂਆਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ।
