-ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਖੇਤਰ ’ਚ ਪੁਲਿਸ–ਬਦਮਾਸ਼ ਮੁਕਾਬਲਾ, ਚੰਦਨ ਸ਼ਰਮਾ ਗ੍ਰਿਫ਼ਤਾਰ
– ਜਗਰਾਤੇ ਮਗਰੋਂ ਹੋਈ ਫਾਇਰਿੰਗ ਦੇ ਮੁੱਖ ਆਰੋਪੀ ਨਾਲ ਐਨਕਾਊਂਟਰ, 9 ਐਮਐਮ ਵਿਦੇਸ਼ੀ ਪਿਸਟਲ ਬਰਾਮਦ
ਅੰਮ੍ਰਿਤਸਰ 21 ਦਿਸੰਮਬਰ-(ਬਿਊਰੋ ਰਿਪੋਰਟ)-ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਦਰਮਿਆਨ ਮੁਕਾਬਲਾ ਹੋਇਆ। ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਪਹੁੰਚੇ ਅਤੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ 13 ਦਸੰਬਰ ਦੀ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ ਵਿੱਚ ਜਗਰਾਤੇ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਬਿਕਰਮ ਸ਼ਰਮਾ ਨੇ ਦੇਖਿਆ ਕਿ ਗੁਲਸ਼ਨ ਕੁਮਾਰ ਅਤੇ ਉਸ ਦੀ ਪਤਨੀ ਇੱਕ ਬਜ਼ੁਰਗ ਨਾਲ ਬਹਿਸ ਕਰ ਰਹੇ ਸਨ। ਇਸ ਦੌਰਾਨ ਚੰਦਨ ਸ਼ਰਮਾ (ਭਤੀਜਾ) ਮੌਕੇ ’ਤੇ ਆਇਆ, ਤਕਰਾਰ ਵਧੀ ਅਤੇ ਉਸ ਨੇ ਫਾਇਰ ਕਰ ਦਿੱਤਾ, ਜਿਸ ਨਾਲ ਸ਼ਿਕਾਇਤਕਰਤਾ ਦੀਆਂ ਦੋਵੇਂ ਲੱਤਾਂ ’ਚ ਗੋਲੀਆਂ ਲੱਗੀਆਂ। ਇਸ ਸਬੰਧੀ ਕੇਸ ਦਰਜ ਕੀਤਾ ਗਿਆ। ਅਗਲੇ ਦਿਨ ਆਰੋਪੀ ਦੀ ਤਲਾਸ਼ ਜਾਰੀ ਸੀ ਕਿ ਇੱਕ ਹੋਰ ਘਟਨਾ ਸਾਹਮਣੇ ਆਈ। ਭੱਜਦੇ ਸਮੇਂ ਪੁਲਿਸ ਪਾਰਟੀ ਨੂੰ ਦੇਖ ਕੇ ਚੰਦਨ ਸ਼ਰਮਾ ਨੇ ਮੁੜ ਫਾਇਰਿੰਗ ਕੀਤੀ, ਜਿਸ ਵਿੱਚ ‘ਬਿੱਲੂ’ ਨਾਮਕ ਮਜ਼ਦੂਰ ਜ਼ਖ਼ਮੀ ਹੋ ਗਿਆ ਉਸ ਦੇ ਠੱਗੀ ਬਾਂਹ ਅਤੇ ਪੇਟ ’ਚ ਗੋਲੀ ਲੱਗੀ। ਇਸ ਦੌਰਾਨ ਰਿਕੋਸ਼ੇਟ ਹੋ ਕੇ ਸੋਨੀਆ ਨਾਮਕ ਮਹਿਲਾ ਵੀ ਜ਼ਖ਼ਮੀ ਹੋਈ। ਮਾਮਲਾ ਗੰਭੀਰ ਹੋਣ ਕਾਰਨ ਸਪੈਸ਼ਲ ਪੁਲਿਸ ਟੀਮਾਂ ਬਣਾਈਆਂ ਗਈਆਂ। ਪੁਲਸ ਟੀਮ ਨੇ ਆਰੋਪੀ ਨੂੰ ਟ੍ਰੈਕ ਕੀਤਾ। ਪੁਲਿਸ ਨੂੰ ਇਤਲਾਹ ਮਿਲੀ ਕਿ ਆਰੋਪੀ ਇਸ ਖੇਤਰ ’ਚ ਆ ਰਿਹਾ ਹੈ। ਚੇਤਾਵਨੀ ਦੇਣ ਅਤੇ ਹਵਾ ’ਚ ਫਾਇਰ ਕਰਕੇ ਸਰੰਡਰ ਲਈ ਕਿਹਾ ਗਿਆ, ਪਰ ਉਸ ਨੇ ਪੁਲਿਸ ’ਤੇ ਮਾਰੂ ਨੀਅਤ ਨਾਲ ਗੋਲੀਆਂ ਚਲਾਈਆਂ। ਸੈਲਫ ਡਿਫੈਂਸ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ’ਚ ਚੰਦਨ ਸ਼ਰਮਾ ਜ਼ਖ਼ਮੀ ਹੋਇਆ ਅਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਤੋਂ 9 ਐਮਐਮ ਦਾ ਵਿਦੇਸ਼ੀ (ਤੁਰਕੀ) ਬਣਿਆ ਪਿਸਟਲ ਅਤੇ ਗੋਲਾਬਾਰੂਦ ਬਰਾਮਦ ਹੋਇਆ। ਪੁਲਿਸ ਮੁਤਾਬਕ ਦੋਸ਼ੀ ਮਈ 2025 ’ਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਐਨਟੀਐਫ ਥਾਣਾ ਮੋਹਾਲੀ ਵਿੱਚ ਵੀ ਉਸ ’ਤੇ ਕੇਸ ਦਰਜ ਹੈ। ਜੇਲ੍ਹ ਅੰਦਰ ਬਣੇ ਅਪਰਾਧੀ ਸੰਪਰਕਾਂ ਰਾਹੀਂ ਹਥਿਆਰ ਪ੍ਰਾਪਤ ਕਰਨ ਦੀ ਜਾਂਚ ਚੱਲ ਰਹੀ ਹੈ।
