
ਬਟਾਲਾ 4 ਅਪ੍ਰੈਲ-ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਵੱਲੋਂ ਬਟਾਲਾ ਦੇ ਅਰਬਨ ਅਸਟੇਟ ਵਿਖੇ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਕਰ ਕਮਲਾਂ ਨਾਲ ਨਵੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਦਾ ਉਦਘਾਟਨ ਕੀਤਾ ਗਿਆ। ‘‘ਗੁਰਮਤਿ ਅਤੇ ਅਤੇ ਸਿੱਖ ਵਿਰਸਾ** ਦੇ ਥੀਮ ਤੇ ਆਧਾਰਿਤ ਇਸ ਉਦਘਾਟਨੀ ਸਮਾਰੋਹ ਦਾ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਰਸਭਿੰਨੇ ਕੀਰਤਨ ਨਾਲ ਕੀਤਾ ਗਿਆ। ਇਹ ਸਕੂਲ ਚੀਫ਼ ਖ਼ਾਲਸਾ ਦੀਵਾਨ ਵੱਲੋਂ 2022 ਵਿਚ ਕਰਵਾਈ ਗਈ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਵਿਚ ਪਾਸ ਹੋਏ ਮਤੇ ਅਨੁਸਾਰ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਡਾ.ਇੰਦਰਬੀਰ ਸਿੰਘ ਨਿੱਜਰ ਨੇ ਚੀਫ਼ ਖ਼ਾਲਸਾ ਦੀਵਾਨ ਦਾ ਸ਼ਾਨਦਾਰ ਇਤਿਹਾਸ, ਪ੍ਰਾਪਤੀਆਂ ਅਤੇ ਪਹਿਲ ਕਦਮੀਆਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਦੀਵਾਨ ਅਧੀਨ 47 ਸਕੂਲਾਂ ਦੀ ਲੜੀ ਵਿਚ ਵਾਧਾ ਕਰਦਿਆਂ ਹੋਇਆ ਅੱਜ ਇਕ ਹੋਰ ਨਵੇਂ ਸੀ.ਕੇ.ਡੀ ਸਕੂਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਥੇ ਦੀਵਾਨ ਦੇ ਆਦਰਸ਼ਾਂ ਮੁਤਾਬਿਕ ਬੱਚਿਆਂ ਨੂੰ ਆਧੁਨਿਕ ਵਿੱਦਿਆ ਰਾਹੀਂ ਤਕਨੀਕੀ ਸਮੇਂ ਦਾ ਹਾਣੀ ਬਣਾਉਣ ਦੇ ਨਾਲ—ਨਾਲ ਆਪਣੇ ਧਰਮ ਅਤੇ ਵਿਰਸੇ ਨਾਲ ਜ਼ੋੜਦਿਆਂ ਨੈਤਿਕ ਗੁਣਾਂ ਦਾ ਧਾਰਨੀ ਵੀ ਬਣਾਇਆ ਜਾਵੇਗਾ।
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਜਾਣਕਾਰੀ ਸਾਂਝੀ ਕੀਤੀ ਗਈ ਦੀਵਾਨ ਦੇ ਪ੍ਰੋਜੈਕਟ ਵਿਭਾਗ ਅਤੇ ਆਰਕੀਟੈਕਟ ਐਮੀ ਅਰੋੜਾ ਦੀ ਦੇਖ—ਰੇਖ ਵਿਚ ਦੋ ਏਕੜ ਜ਼ਮੀਨ ਤੇ ਇਕ ਬੇਸਮੈਂਟ ਤੇ ਚਾਰ ਮੰਜਿਲਾਂ ਵਿਚ ਬਣਾਇਆ ਜਾ ਰਿਹਾ ਇਹ ਸਕੂਲ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਰਹੇਗਾ ਅਤੇ ਸਮਾਰਟ ਡਿਜ਼ੀਟਲ ਕਲਾਸ ਰੂਮ ਵਿਚ ਇੰਟਰੈਕਟਿਵ ਫਲੈਟ ਪੈਨਲਜ਼, ਅਤਿ ਆਧੁਨਿਕ ਕੰਪਿਊਟਰ ਸਾਇੰਸ, ਮੈਥ ਲੈਬਜ਼, ਇੰਗਲਿਸ਼ ਸਪੀਕਿੰਗ ਲੈਬਜ਼, ਕਾਨਫਰੰਸ ਹਾਲ, ਆਧੁਨਿਕ ਲਾਇਬਰੇਰੀ, ਸੰਗੀਤ ਰੂਮਜ਼, ਇੰਟਰਨੈਸ਼ਨਲ ਲੈਵਲ ਦੇ ਪੱਧਰ ਤੇ ਸਪੋਰਟਸ ਹਾਲ ਅਤੇ ਖੇਡ ਮੈਦਾਨ, ਮਾਡਰਨ ਆਡੀਓ—ਵੀਡੀਓ ਸੁਵਿਧਾਵਾਂ ਨਾਲ ਸੁਸਜਿਤ ਆਡੀਟੋਰੀਅਮ ਬਣਾਇਆ ਜਾਵੇਗਾ ਅਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਮੇਂ—ਸਮੇਂ ਤੇ ਬੱਚਿਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਵੇਗਾ।
ਇਸ ਉਦਘਾਟਨੀ ਸਮਾਰੋਹ ਵਿਚ ਸਿੱਖ ਵਿਰਸਾ ਅਤੇ ਅਧਿਆਤਮਕ ਪ੍ਰਦਰਸ਼ਨੀ, ਕਲਾ ਅਤੇ ਸਭਿਆਚਾਰਕ ਪ੍ਰਦਰਸ਼ਨੀ, ਪੁਰਾਤਨ ਤੰਤੀ ਸਾਜਾ ਅਤੇ ਸਿੱਖ ਸ਼ਸਤਰਾਂ ਦੀ ਪ੍ਰਦਰਸ਼ਨੀ, ਆਧੁਨਿਕ ਤਕਨੀਕੀ ਉਪਕਰਨਾਂ ਅਤੇ ਹੈਲਥ ਅਤੇ ਵੈਲਨੈਸ ਸਟਾਲ, ਰਿਵਾਇਤੀ ਅਤੇ ਆਧੁਨਿਕ ਸਪੋਰਟਸ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸਿੱਖਾਂ ਦੇ ਅਮੀਰ ਵਿਰਸੇ ਦੇ ਪ੍ਰਤੀਕ ਗੱਤਕੇ ਦਾ ਪ੍ਰਦਰਸ਼ਨ 4 ਸਾਲ ਦੇ ਸੀ.ਕੇ.ਡੀ ਵਿਦਿਆਰਥੀ ਫਤਹਿ ਸਿੰਘ ਵੱਲੋਂ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਯਾਦਗਾਰੀ ਤਸਵੀਰ ਲਈ ਹੈਰੀਟੇਜ਼ ਸੈਲਫੀ ਕਾਰਨਰ ਵੀ ਬਣਾਇਆ ਗਿਆ। ਅੰਤ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ ਆਨਰੇਰੀ ਸਕੱਤਰ, ਐਜੂਕੇਸ਼ਨਲ ਕਮੇਟੀ ਡਾ.ਅਮਰਜੀਤ ਸਿੰਘ ਦੂਆ ਸਮੇਤ ਵੱਡੀ ਗਿਣਤੀ ਵਿਚ ਸੀ.ਕੇ.ਡੀ ਮੈਂਬਰ ਸਾਹਿਬਾਨ ਅਤੇ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਵਿਚ ਸ਼ਾਮਲ ਸ੍ਰੀ ਮਾਨਿਕ ਮਹਿਤਾ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ, ਐਸ.ਡੀ.ਓ ਬਟਾਲਾ ਸ੍ਰ.ਹਰਜੀਤ ਸਿੰਘ ਸਮੇਤ ਸ਼ਹਿਰ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ, ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ।