ਦੋਵਾਂ ਧਿਰਾਂ ਵਲੋਂ ਲਗਾਏ ਇਕ ਦੂਜੇ ਉਪਰ ਸੰਗੀਨ ਆਰੋਪ
ਗੁਰਦਾਸਪੁਰ 3 ਫਰਵਰੀ(ਪਰਮਵੀਰ ਰਿਸ਼ੀ)-ਗੁਰਦਾਸਪੁਰ ਦੇ ਆਲੇ ਚੱਕ ਵਿਚ ਮਹੌਲ ਉਸ ਸਮੇਂ ਤਨਾਪੂਰਨ ਹੋ ਗਿਆ ਜਦੋਂ ਇੱਕ ਧਿਰ ਨੇ ਬਾਹਰੋਂ ਬੰਦੇ ਬੁਲਾ ਲਏ ਪਰ ਦੂਜੇ ਧਿਰ ਵੱਲੋਂ ਸ਼ਿਕਾਇਤ ਕਰਨ ਤੇ ਪੁਲਿਸ ਨੇ ਆ ਕੇ ਕੁਝ ਬੰਦਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਵੱਡੇ ਹਾਦਸੇ ਨੂੰ ਢਾਲ ਦਿੱਤਾ।
ਮਾਮਲਾ ਗੁਰਦਾਸਪੁਰ ਦੋਰਾਂਗਲਾ ਰੋਡ ਤੇ ਪਿੰਡ ਆਲੇਚੱਕ ਬਾਈਪਾਸ ਤੇ ਸਥਿਤ ਦੋ ਗੁਆਂਡੀਆਂ ਵਿੱਚ ਇੱਕ ਦੂਜੇ ਦੇ ਕੰਮ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਵਿਵਾਦ ਨੂੰ ਪੁਲਿਸ ਵੀ ਸੁਲਝਾਉਣ ਦੇ ਵਿੱਚ ਅਸਫ਼ਲ ਦਿਖਾਈ ਦੇ ਰਹੀ ਹੈ। ਇਸੇ ਰੰਜਿਸ਼ ਨੂੰ ਲੈਕੇ ਦਸ ਦਿਨ ਪਹਿਲਾਂ ਦੋਨਾਂ ਧਿਰਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਇਕ ਧਿਰ ਵਲੋਂ ਗੋਲੀ ਚਲਾਈ ਗਈ ਸੀ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਪਹਿਲੇ ਧਿਰ ਦੇ ਹਰਪਿੰਦਰ ਸਿੰਘ ਮਾਨ ਦਾ ਦੋਸ਼ ਲਗਾਉਂਦਿਆਂ ਹੋਈਆਂ ਕਿਹਾ ਕਿ ਦੂਜਾ ਧਿਰ ਰਿਹਾਸ਼ੀ ਇਲਾਕੇ ਵਿੱਚ ਇੱਕ ਹੋਟਲ ਚਲਾ ਰਿਹਾ ਹੈ,ਹੋਟਲ ਵਿੱਚ ਮੁੰਡੇ ਕੁੜੀਆਂ ਨੂੰ ਕਮਰੇ ਦੇਕੇ ਗਲਤ ਕੰਮ ਕਰਾਉਂਦਾ ਹੈ। ਜਿਸ ਤੋਂ ਰੋਕਣ ਕਾਰਨ ਉਹ ਬਾਰ ਬਾਰ ਉਸ ਨਾਲ ਪੰਗੇ ਲੈਂਦਾ ਹੈ । ਹਰਪਿੰਦਰ ਮਾਨ ਨੇ ਦੂਜੀ ਧਿਰ ਦੇ ਮੇਜਰ ਸਿੰਘ ਤੇ ਕਈ ਵਾਰ ਝਗੜਾ ਕਰਨ ਦੀ ਕੋਸ਼ਿਸ਼ ਕਰਨ ਅਤੇ ਇੱਕ ਵਾਰ ਗੋਲੀ ਵੀ ਚਲਾਉਣ ਦਾ ਦੋਸ਼ ਵੀ ਲਗਾਇਆ ਹੈ। ਜਿਸ ਦੀ ਕਿ ਉਨਾਂ ਨੇ ਵੀਡੀਓ ਵੀ ਬਣਾਈ ਹੈ। ਹਾਰਮਿੰਦੀ ਨੇ ਕਿਹਾ ਕਿ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸੇ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਹੈ। ਜਿਸ ਦੀ ਕਿ ਉਸਨੇ ਸ਼ਿਕਾਇਤ ਐਸਐਸਪੀ ਗੁਰਦਾਸਪੁਰ ਨੂੰ ਕੀਤੀ ਹੋਈ ਹੈ।
ਦੂਜੇ ਪਾਸੇ ਦੂਜੇ ਧਿਰ ਦੇ ਮੇਜਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਰਪਿੰਦਰ ਸਿੰਘ ਮਾਨ, ਜੋ ਮਿੱਟੀ ਦਾ ਕਾਰੋਬਾਰੀ ਹੈ ਨੇ ਉਸ ਦੀ ਜਮੀਨ ਦੇ ਅੱਗੇ ਜੰਗਲਾਤ ਵਿਭਾਗ ਦੀ ਜ਼ਮੀਨ ਉੱਪਰ ਮਿੱਟੀ ਲਗਾ ਰੱਖੀ ਹੈ। ਜਿਸ ਕਾਰਨ ਉਸ ਦੀ ਜਮੀਨ ਦਾ ਰਸਤਾ ਬੰਦ ਹੋ ਗਿਆ ਹੈ। ਉਹ ਜਦੋਂ ਮਾਨ ਨੂੰ ਮਿੱਟੀ ਚੁੱਕਣ ਲਈ ਕਹਿੰਦਾ ਹੈ ਤਾਂ ਉਹ ਉਸਨੂੰ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਮੇਜਰ ਸਿੰਘ ਨੇ ਮੰਨਿਆ ਕਿ ਉਸ ਦੇ ਨਾਲ ਕੁਝ ਬੰਦੇ ਅੱਜ ਆਏ ਸੀ ਪਰ ਉਸ ਦੀ ਨੀਅਤ ਲੜਾਈ ਕਰਨ ਦੀ ਨਹੀਂ ਸੀ।
ਉਧਰ ਜਦੋਂ ਇਸ ਬਾਰੇ ਸੰਬੰਧਿਤ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਇੱਕ ਧਿਰ ਦੇ ਕੁਝ ਬੰਦਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਜੋ ਬਾਹਰੋਂ ਆਏ ਸਨ ਪਰ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਲੜਾਈ ਕਰਨ ਲਈ ਆਏ ਸੀ ਜਾਂ ਹੋਟਲ ਦੇ ਗ੍ਰਾਹਕ ਸਨ। ਨਾਲ ਹੀ ਉਹਨਾਂ ਨੇ ਕਿਹਾ ਕਿ ਤਫਤੀਸ਼ ਤੋਂ ਬਾਅਦ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।