
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਆਗੂਆਂ ਨਾਲ ਮੀਟਿੰਗ ਕਰਦੇ ਹੋਏ।
ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਵੀ ਲੱਗੇਗਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੁੱਤ
ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਲਈ ਕਰ ਰਹੀ ਹੈ ਕੰਮ -ਪੁਲਿਸ ਕਮਿਸ਼ਨਰ
ਅੰਮ੍ਰਿਤਸਰ 28 ਜਨਵਰੀ–ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਸ਼ਰਾਰਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੀਤੀ ਗਈ ਕੋਸ਼ਿਸ਼ ਮਗਰੋਂ ਅੱਜ ਜਥੇਬੰਦੀਆਂ ਦੇ ਵਫਦ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜ਼ਿਲੇ ਵਿੱਚ ਲੱਗੇ ਬਾਬਾ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਿੱਥੇ ਵੀ ਉਹਨਾਂ ਦਾ ਬੁੱਤ ਲੱਗਾ ਹੈ, ਦੀ ਸੂਚੀ ਤਿਆਰ ਕਰਕੇ ਉਸ ਅਨੁਸਾਰ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ। ਉਹਨਾਂ ਇਸ ਮੌਕੇ ਜਥੇਬੰਦੀਆਂ ਦੀ ਮੰਗ ਉੱਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੁੱਤ ਲਗਾਉਣ ਦਾ ਐਲਾਨ ਕੀਤਾ। ਸ੍ਰੀਮਤੀ ਸਾਹਨੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਨੂੰ ਭਾਰਤੀ ਸੰਵਿਧਾਨ ਦੀ ਮਹੱਤਤਾ ਅਤੇ ਉਹਨਾਂ ਨੂੰ ਲਿਖਣ ਵਾਲੇ ਡਾਕਟਰ ਅੰਬੇਦਕਰ ਦੇ ਜੀਵਨ ਅਤੇ ਫਲਸਫੇ ਤੋਂ ਨਵੀਂ ਪੀੜੀ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਨਵੀਂ ਪੀੜੀ ਵੀ ਉਨਾਂ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਉਸਾਰੂ ਸੋਚ ਤੋਂ ਜਾਣੂ ਹੋ ਸਕੇ।ਉਹਨਾਂ ਦੱਸਿਆ ਕਿ ਅਸੀਂ ਵਿਰਾਸਤੀ ਮਾਰਗ ਉੱਤੇ ਸਥਿਤ ਬੁੱਤ ਨੂੰ ਟਫਨ ਗਲਾਸ ਨਾਲ ਕਵਰ ਕਰਾਂਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਅਤੇ ਇਸ ਤੋਂ ਇਲਾਵਾ ਉਕਤ ਬੁੱਤ ਨੂੰ ਆਸਾਨੀ ਨਾਲ ਪੌੜੀ ਲਗਾਏ ਜਾ ਸਕਣ ਦੀਆਂ ਸੰਭਾਵਨਾ ਨੂੰ ਵੀ ਖਤਮ ਕੀਤਾ ਜਾਵੇਗਾ।ਇਸ ਮੌਕੇ ਵਫਦ ਨਾਲ ਗੱਲਬਾਤ ਕਰਦੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਭਰੋਸਾ ਦਿੱਤਾ ਕਿ ਕਥਿਤ ਦੋਸ਼ੀ ਵਿਅਕਤੀ ਵਿਰੁੱਧ ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਉਸ ਕੋਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਈਲ ਫੋਨ ਜ਼ਰੀਏ ਸਾਰੀ ਸਾਜਿਸ਼ ਦਾ ਪਤਾ ਲਗਾਉਣ ਲਈ ਟੀਮ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਇਸ ਸਾਜਿਸ਼ ਵਿੱਚ ਸ਼ਾਮਿਲ ਹੋਵੇਗਾ ਉਹ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖਤ ਸਜ਼ਾ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਸੁਰੱਖਿਆ ਦੇ ਪੱਖ ਤੋਂ ਬੁੱਤ ਨੂੰ ਸੀਸੀਟੀਵੀ ਕੈਮਰੇ ਅਤੇ ਲਾਈਟਾਂ ਨਾਲ ਕਵਰ ਕੀਤਾ ਜਾ ਰਿਹਾ ਹੈ।ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ. ਮਜੀਠਾ ਮੈਡਮ ਸੋਨਮ, ਐਸ.ਡੀ.ਐਮ. ਬਾਬਾ ਬਕਾਲਾ ਸ: ਅਮਨਦੀਪ ਸਿੰਘ, ਜਿਲ੍ਹਾ ਸਮਾਜਿਕ ਨਿਆ ਤੇ ਅਧਿਕਾਰਤਾ ਅਫ਼ਸਰ ਸ੍ਰੀ ਪੱਲਵ ਸ੍ਰੇਸ਼ਠਾ, ਓਮ ਪ੍ਰਕਾਸ਼ ਗੱਬਰ, ਕੁਮਾਰ ਦਰਸ਼ਨ, ਐਡਵੋਕੇਟ ਨਰੇਸ਼ ਗਿੱਲ, ਰਜਿੰਦਰ ਟੋਨਾ, ਹੈਪੀ ਭੀਲ, ਐਡਵੋਕੇਟ ਅਨਿਲ ਕੁਮਾਰ ਚੀਮਾ, ਐਡਵੋਕੇਟ ਗੁਰਜੀਤ ਸਿੰਘ, ਪ੍ਰੀਤ ਪਾਲ ਸਿੰਘ ਸਹੋਤਾ, ਪਰਮਪ੍ਰੀਤ ਸਿੰਘ, ਅੰਕੁਸ਼ ਗਿੱਲ, ਦੀਪਕ ਕੁਮਾਰ, ਸ਼ਕਤੀ ਕਲਿਆਣ, ਯੁੱਧਵੀਰ ਸਿੰਘ, ਸੋਨੂੰ ਨਾਹਰ, ਸੁਮਿਤ ਕਾਲੀ, ਸੁਖਪਾਲ ਸਿੰਘ, ਕੇਵਲ ਅਟਵਾਲ, ਅਮਨ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ।