ਗੁਰਦਾਸਪੁਰ, 09 ਜਨਵਰੀ – ਵਧੀਕ ਡਾਇਰੈਕਟਰ ਪੁਲਿਸ ਪੰਜਾਬ ਟਰੈਫ਼ਿਕ ਅਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਤਹਿਤ 1 ਜਨਵਰੀ ਤੋਂ 31 ਜਨਵਰੀ 2025 ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਆਮ ਜਨਤਾ ਨੂੰ ਸੈਮੀਨਾਰ ਲਗਾ ਕੇ ਆਵਾਜਾਈ ਨਿਯਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ, ਗੁਰਦਾਸਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾ ਕੇ ਵਿਦਿਆਰਥਣਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।
ਟਰੈਫ਼ਿਕ ਇੰਚਾਰਜ ਸਤਨਾਮ ਸਿੰਘ, ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਏ.ਐੱਸ.ਆਈ. ਅਮਨਦੀਪ ਸਿੰਘ, ਵਿਨੋਦ ਕੁਮਾਰ ਅਤੇ ਸ਼ਾਮ ਸੁੰਦਰ ਨੇ ਸੈਮੀਨਾਰ ਦੌਰਾਨ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਜ਼ਰੂਰ ਲਗਾਈ ਜਾਵੇ ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜ਼ਰੂਰ ਪਹਿਨਿਆ ਜਾਵੇ। ਉਨ੍ਹਾਂ ਕਿਹਾ ਕਿ ਗੱਡੀ ਦੀ ਪਿਛਲੀ ਸੀਟ ਤੇ ਬੈਠੇ ਵਿਅਕਤੀ ਲਈ ਵੀ ਸ਼ੀਟ ਬੈਲਟ ਲਗਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਕੋਈ ਵੀ ਵਾਹਨ ਬਿਲਕੁਲ ਨਹੀਂ ਚਲਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੰਸ ਸਮੇਤ ਵਾਹਨਾਂ ਦੇ ਸਾਰੇ ਕਾਗ਼ਜ਼ਾਤ ਪੂਰੇ ਰੱਖੇ ਜਾਣ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਵਾਹਨ ਹੋਰ ਵੀ ਧਿਆਨ ਨਾਲ ਚਲਾਏ ਜਾਣ ਅਤੇ ਧੁੰਦ ਦੌਰਾਨ ਰੋਡ ਲਾਈਨ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਹੈਲਪ ਲਾਈਨ ਨੰਬਰ 112, 1930 ਅਤੇ 1033 ਬਾਰੇ ਵੀ ਜਾਣਕਾਰੀ ਦਿੱਤੀ।