–ਜੀ.ਐਨ.ਡੀ.ਯੂ. ਵਿਖੇ ਕਰਵਾਈਆਂ ਗਈਆਂ ਅਸਮਿਤਾ ਖੇਡਾਂ ਵਿਚ ਇੰਡੀਆ ਵੋਮੇਂਸ ਲੀਗ ਦਾ ਆਯੋਜਨ
ਅੰਮਿ੍ਤਸਰ, 24 ਸਤੰਬਰ ( ਬਿਊਰੋ ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੁਵਾ ਅਤੇ ਖੇਡ ਮੰਤਰਾਲਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀ ਅਗਵਾਈ ਹੇਠ ਰਗਬੀ ਐਸੋਸੀਏਸ਼ਨ ਆਫ ਪੰਜਾਬ ਅਤੇ ਰਗਬੀ ਇੰਡੀਆ ਦੁਆਰਾ ਆਯੋਜਿਤ ਅਸਮਿਤਾ ਗੇਮਜ਼ ਇੰਡੀਆ ਵੂਮੈਨ ਰਗਬੀ ਲੀਗ ਦਾ ਆਯੋਜਨ ਹੋਇਆ। ਇਸ ਮੌਕੇ ਮਹਿਲਾ ਮੋਰਚਾ ਅੰਮ੍ਰਿਤਸਰ ਭਾਜਪਾ ਦੀ ਪ੍ਰਧਾਨ ਸ਼ਰੂਤੀ ਵਿਜ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਨੌਜਵਾਨ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਡਾਂ ਹੀ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਸਾਡੇ ਸੂਬੇ ਦੀ ਦੁਨੀਆਂ ਵਿੱਚ ਪਛਾਣ ਬਣੇਗੀ। ਜਿਸ ਤਰ੍ਹਾਂ ਨੌਜਵਾਨ ਭਟਕ ਕੇ ਅਤੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ, ਉਨ੍ਹਾਂ ਨੂੰ ਖੇਡਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਜਿੱਥੇ ਕੇਂਦਰ ਸਰਕਾਰ ਦੀ ਖੇਲੋ ਇੰਡੀਆ ਮੁਹਿੰਮ ਰਾਹੀਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਪੰਜਾਬ ਦੀ ਰਗਬੀ ਐਸੋਸੀਏਸ਼ਨ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਜਿਸ ਤਰ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਹੈ, ਉਸ ਨਾਲ ਦੇਸ਼ ਦਾ ਭਵਿੱਖ ਸੁਨਹਿਰਾ ਹੋਵੇਗਾ | ਆਉਣ ਵਾਲੇ ਸਮੇਂ ਵਿੱਚ ਕੀਮਤੀ ਖਿਡਾਰੀ ਮਿਲਣਗੇ।
ਰਗਬੀ ਐਸੋਸੀਏਸ਼ਨ-ਪੰਜਾਬ ਦੇ ਸਕੱਤਰ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਲੀਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਕਲੱਬਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਸਬ-ਜੂਨੀਅਰ ਵਰਗ, ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਸਬ-ਜੂਨੀਅਰ ਵਰਗ ਵਿੱਚ ਮਾਨਸਾ ਨੇ ਪਹਿਲਾ, ਬਰਨਾਲਾ ਨੇ ਦੂਜਾ ਅਤੇ ਰਾਜੀਵ ਕਲੱਬ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਰਾਜੀਵ ਰਗਬੀ ਕਲੱਬ ਪਹਿਲੇ, ਅੰਮ੍ਰਿਤਸਰ ਦੂਜੇ ਅਤੇ ਤਰਨਤਾਰਨ ਤੀਜੇ ਸਥਾਨ ’ਤੇ ਰਿਹਾ। ਸੀਨੀਅਰ ਵਰਗ ਵਿੱਚ 7 ਸਟਾਰ ਰਗਬੀ ਕਲੱਬ ਪਹਿਲੇ, ਅੰਮ੍ਰਿਤਸਰ ਦੂਜੇ ਅਤੇ ਜਲੰਧਰ ਜੈਗੁਆਰ ਤੀਜੇ ਸਥਾਨ ’ਤੇ ਰਿਹਾ। ਖੇਲੋ ਇੰਡੀਆ ਵੱਲੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 50,000 ਰੁਪਏ, ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 30,000 ਰੁਪਏ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 20,000 ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਰਗਬੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ, ਅਰਵਿੰਦਰ ਕੁਮਾਰ, ਰਵਿੰਦਰ ਸਿੰਘ, ਗੁਰਦੀਪ ਸਿੰਘ, ਜਸ਼ਨ ਦੀਪ ਸਿੰਘ, ਗੁਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਗਬੀ ਇੰਡੀਆ ਦੇ ਵਿਕਾਸ ਚੋਰਸੀਆ, ਰਹਿਮੂਦੀਨ ਆਦਿ ਹਾਜ਼ਰ ਸਨ।
ਜਿਕਰਯੋਗ ਹੈ ਕਿ ਓਲੰਪਿਕ ਖੇਡ ‘ਰਗਬੀ’ ਦੇਸ਼ ਅਤੇ ਪੰਜਾਬ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਖੇਡਾਂ ਵਿੱਚੋਂ ਇੱਕ ਹੈ। ਰਗਬੀ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਆਯੋਜਿਤ ‘ਖੇਡਾਂ ਵਤਨ ਪੰਜਾਬ ਦੀਆ’ ਦੇ ਲਗਾਤਾਰ ਦੂਜੇ ਸੀਜ਼ਨ ਦਾ ਹਿੱਸਾ ਹੈ। ਰਾਜ ਵਿੱਚ ਰਗਬੀ ਨੇ ਪਿਛਲੇ ਦਹਾਕੇ ਵਿੱਚ ਖਾਸ ਤੌਰ ‘ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਪ੍ਰਭਾਵ ਪਾਇਆ ਹੈ ਅਤੇ ਰਾਜ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹੁਤ ਸਾਰੇ ਐਥਲੀਟ ਪੈਦਾ ਕੀਤੇ ਹਨ। ਲੀਗ ਦਾ ਉਦੇਸ਼ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਅਸਮਿਤਾ (ਇੰਸਪਾਇਰਿੰਗ ਵੂਮੈਨ ਦੁਆਰਾ ਖੇਡਾਂ ਦੇ ਮੀਲ ਪੱਥਰ ਪ੍ਰਾਪਤ ਕਰਨਾ) ਖੇਡਾਂ ਵਿੱਚ ਮੀਲ ਪੱਥਰ ਸਥਾਪਤ ਕਰਨ ਲਈ ਔਰਤਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੀ ਹੈ।