ਜਨਮ ਦਿਹਾੜੇ ਮੌਕੇ ਵਿਰਾਸਤੀ ਮੰਚ ਬਟਾਲਾ ਦੀ ਟੀਮ ਇਤਿਹਾਸਕ ਪਿੰਡ ਮਿਰਜ਼ਾਜਾਨ ਪਹੁੰਚੀ
ਮਿਰਜ਼ਾਜਾਨ/ਬਟਾਲਾ, 16 ਅਕਤੂਬਰ – ਮਹਾਨ ਯੋਧੇ ਅਤੇ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਦਿਹਾੜਾ ਅੱਜ ਪਿੰਡ ਮਿਰਜ਼ਾਜਾਨ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਦੀਆਂ ਸੰਗਤਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ, ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ।
ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਸੀਨੀਅਰ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਲਾਡੀ ਜੱਸਲ, ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਮੱਲੀ, ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ, ਮੀਡੀਆ ਸਕੱਤਰ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਮਿਰਜ਼ਾਜਾਨ ਪਹੁੰਚ ਕੇ ਸਿਜ਼ਦਾ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖ ਇਤਿਹਾਸ ਦੇ ਉਹ ਯੋਧੇ ਹੋਏ ਹਨ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗਲ ਹਕੂਮਤ ਦੀ ਜੜ੍ਹਾਂ ਪੁੱਟ ਕੇ ਹਲੀਮੀ ਰਾਜ ਕਾਇਮ ਕੀਤਾ ਸੀ। ਉਨ੍ਹਾਂ ਨੂੰ ਕਿਸਾਨਾਂ ਤੇ ਗਰੀਬਾਂ ਦਾ ਮੁਕਤੀਦਾਤਾ ਵੀ ਕਿਹਾ ਜਾਂਦਾ ਹੈ।
ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਪਿੰਡ ਮਿਰਜ਼ਾਜਾਨ ਉਹ ਇਤਿਹਾਸਕ ਨਗਰ ਹੈ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਨ 1715 ਵਿੱਚ ਇੱਕ ਕਿਲ੍ਹੇ ਦਾ ਨਿਰਮਾਣ ਕੀਤਾ ਸੀ ਅਤੇ ਉਨ੍ਹਾਂ ਦੀ ਏਥੇ ਮੁਗਲਾਂ ਨਾਲ ਜੰਗ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਇਤਿਹਾਸਕ ਕਿਲ੍ਹੇ ਦੀਆਂ ਨਿਸ਼ਾਨੀਆਂ ਅੱਜ ਵੀ ਇਸ ਪਿੰਡ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਵਿਰਾਸਤੀ ਮੰਚ ਬਟਾਲਾ ਵੱਲੋਂ ਪਿੰਡ ਮਿਰਜ਼ਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਗੌਰਮਮਈ ਇਤਿਹਾਸ ਤੋਂ ਜਾਣੂ ਹੋ ਸਕੇ।
ਇਸ ਮੌਕੇ ਮਨਜੀਤ ਸਿੰਘ, ਸੁਲੱਖਣ ਸਿੰਘ, ਮੁਖਤਿਆਰ ਸਿੰਘ, ਭਾਈ ਬਲਬੀਰ ਸਿੰਘ, ਬਾਬਾ ਨੰਦ ਸਿੰਘ, ਸੰਦੀਪ ਸਿੰਘ, ਅਰਵਿੰਦਰ ਕੌਰ, ਭਜਨ ਕੌਰ, ਕੁਲਵਿੰਦਰ ਕੌਰ, ਜਸਬੀਰ ਕੌਰ, ਬਲਜਿੰਦਰ ਕੌਰ, ਜਗਦੀਪ ਸਿੰਘ, ਸ਼ਗਨਦੀਪ ਸਿੰਘ, ਤਰਨਜੀਤ ਸਿੰਘ ਸਮੇਤ ਪਿੰਡ ਦੀ ਹੋਰ ਸੰਗਤ ਵੀ ਹਾਜ਼ਰ ਸੀ।