ਸਹਿਕਾਰੀ ਸਭਾਵਾਂ ਗੁਰਦਾਸਪੁਰ ਵਲੋਂ ਸ਼ੂਗਰ ਮਿੱਲ ਬਟਾਲਾ ਵਿਖੇ ਪਰਾਲੀ ਨਾ ਸਾੜਨ ਲਈ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ

ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ

ਬਟਾਲਾ, 9 ਅਕਤੂਬਰ – ਡਿਪਟੀ ਕਮਿਸ਼ਨਰ, ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਹਿਕਾਰੀ ਸਭਾਵਾਂ ਗੁਰਦਾਸਪੁਰ ਵਲੋਂ ਪਰਾਲੀ ਨਾ ਸਾੜਨ ਸਬੰਧੀ ਸਹੁੰ ਚੁੱਕ ਸਮਾਗਮ ਸ਼ੂਗਰ ਮਿੱਲ ਬਟਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਜਸਪ੍ਰਜੀਤ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾ ਗੁਰਦਾਸਪੁਰ, ਡਾ. ਕ੍ਰਿਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਅਰਵਿੰਦਰਪਾਲ ਸਿੰਘ ਕੈਂਰੋ ਜੀਐਮ ਸ਼ੂਗਰ ਮਿੱਲ ਬਟਾਲਾ, ਇੰਸਪੈਕਟਰ ਸੁਖਜਿੰਦਰ ਸਿੰਘ, ਸੈਕਟਰੀ ਰਣਜੀਤ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਹਰਪਾਲ ਸਿੰਘ ਸਮੇਤ ਸਮੂਹ ਨਰੀਖਕ ਅਤੇ ਸਭਾ ਸਕੱਤਰ ਮੋਜੂਦ ਸਨ। ਇਸ ਮੌਕੇ ਸਮੂਹ ਹਾਜਰੀਨ ਨੇ ਪਾਰਲੀ ਨਾ ਸਾੜਨ ਦੀ ਸਹੁੰ ਚੁਕਾਈ ਗਈ।

ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾ ਗੁਰਦਾਸਪੁਰ ਜਸਪ੍ਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ ਗੁਰਦਾਸਪੁਰ ਵਲੋਂ ਕਿਸਾਨਾਂ ਨੂੰ ਪਾਰਲੀ ਨਾ ਸਾੜਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਿਜਾਏ, ਖੇਤਾਂ ਵਿੱਚ ਮਿਲਾ ਕੇ ਜਾਂ ਬਾਹਰ ਕੱਢ ਕੇ ਸਾਂਭ ਲੈਣਾ ਚਾਹੀਦਾ। ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਹੌਟ ਸਪੋਟ ਪਿੰਡ ਪ੍ਰਦੂਸ਼ਣ ਮੁਕਤ ਹੋਣ ਤੇ ਸੰਬੰਧਤ  ਪਿੰਡਾਂ ਨੂੰ ਇਕ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲੇਗੀ ਅਤੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਵਾਤਾਵਰਣ ਦੇ ਰੱਖਵਾਲੇ ਦੇ ਤੌਰ ਤੇ ਸਨਮਾਨਿਤ ਕਰਦਿਆਂ ਵਿਸ਼ੇਸ਼ ਸਰਟੀਫੀਕੇਟ ਦਿੱਤੇ ਜਾਣਗੇ, ਜਿੰਨਾਂ ਨੂੰ ਕਿਸੇ ਵੀ ਦਫਤਰ ਵਿੱਚ ਦਿਖਾ ਕੇ ਪਹਿਲ ਦੇ ਅਧਾਰ ਤੇ ਕੰਮ ਕਰਵਾ ਸਕਣਗੇ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਜ਼ਿਲਾ ਪੱਧਰ ਤੇ ਕੰਟਰੋਲ ਨੰਬਰ ਸਥਾਪਤ ਕੀਤਾ ਗਿਆ ਹੈ ਤਾਂ ਜੋ ਜੇਕਰ ਕਿਸੇ ਵੀ  ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਜਾਂ ਕਿਤੇ ਪਰਾਲੀ ਨੂੰ ਅੱਗ ਲੱਗਦੀ ਦਿਖਾਈ ਦਿੰਦੀ ਹੈ ਤਾਂ 24 ਘੰਟੇ ਕਿਸੇ ਸਮੇਂ ਟੋਲ ਫਰੀ ਨੰਬਰ 1800-180-1852 ਤੇ ਸੰਪਰਕ ਕਰ ਸਕਦਾ ਹੈ। ਉਨਾਂ ਦੱਸਿਆ ਇਸ ਤੋਂ ਇਲਾਵਾ ਜੇਕਰ ਕਿਸੇ ਕਿਸਾਨ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸੇ ਕਿਸਮ ਦੀ ਖੇਤੀ ਮਸ਼ੀਨਰੀ ਜਿਵੇਂ ਬੇਲਰ, ਸੁਪਰ ਸੀਡਰ, ਹੈਪੀ ਸੀਡਰ ਆਦਿ ਦੀ ਜ਼ਰੂਰਤ ਹੋਵੇ ਤਾਂ ਵੀ ਇਸ ਨੰਬਰ ਤੇ ਜਾਂ ਖੇਤੀ ਅਧਿਕਾਰੀਆਂ ਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਅਰਵਿੰਦਰਪਾਲ ਸਿੰਘ ਕੈਂਰੋ ਜੀਐਮ ਸ਼ੂਗਰ ਮਿੱਲ ਬਟਾਲਾ ਵਲੋਂ ਵੀ ਪਾਰਲੀ ਨਾ ਸਾੜਨ ਦੀ ਅਪੀਲ ਕੀਤੀ ਗਈ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਚੰਗੀ ਸਿਹਤ ਲਈ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤੇ ਨਾੜ ਪੈਲੀ ਵਿੱਚ ਹੀ ਵਾਹ ਕੇ ਅਗਲੀ ਫਸਲ ਬੀਜੀ ਜਾਵੇ।

Related posts