ਗਰਭਵਤੀ ਔਰਤਾਂ ਦੀ ਗੋਦ ਭਰਾਈ ਕੀਤੀ ਅਤੇ ਹੈਲਥੀ ਬੇਬੀਜ਼ ਤੇ ਮਾਵਾਂ ਨੂੰ ਕੀਤਾ ਸਨਮਾਨਿਤ
ਬਟਾਲਾ, 4 ਅਕਤੂਬਰ -ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਬਲਾਕ ਬਟਾਲਾ ਵਲੋਂ ਅੱਜ ‘ਰਾਸ਼ਟਰੀ ਪੋਸ਼ਣ ਮਾਹ’ ਦਾ ਸਮਾਪਤੀ ਸਮਾਰੋਹ ਸਥਾਨਕ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਧਰਮਪਤਨੀ ਸ੍ਰੀਮਤੀ ਰਾਜਬੀਰ ਕੋਰ ਕਲਸੀ, ਸੁਮਨਦੀਪ ਕੋਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਮਮਤਾ ਖੁਰਾਣਾ ਜ਼ਿਲ੍ਹਾ ਸਿੱਖਿਆ ਅਫਸਰ (ਪ), ਵਰਿੰਦਰ ਸਿੰਘ ਗਿੱਲ ਸੀਡੀਪੀਓ ਬਟਾਲਾ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਅਮਰਜੀਤ ਸਿੰਘ ਭਾਟੀਆ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ, ਰਛਪਾਲ ਕੋਰ ਸੀਡੀਪੀਓ ਫਤਹਿਗੜ੍ਹ ਚੂੜੀਆਂ, ਕਮਲਜੀਤ ਕੋਰ ਸੀਡੀਪੀਓ ਸ੍ਰੀ ਹਰਗੋਬਿੰਦਪੁਰ ਸਾਹਿਬ, ਨਵਦੀਪ ਸਿੰਘ, ਹਰਪ੍ਰੀਤ ਸਿੰਘ ਮਾਨ, ਰਜਨੀ ਅਗਨੀਹੋਤਰੀ, ਅਭਿਸ਼ੇਕ ਸਮੇਤ ਸੁਪਰਵਾਈਜ਼ਰ, ਆਂਗਨਵਾੜੀ ਵਰਕਰ ਤੇ ਹੈਲਪਰ ਆਦਿ ਮੋਜੂਦ ਸਨ। ਇਸ ਮੌਕੇ ਗਰਭਵਤੀ ਔਰਤਾਂ ਦੀ ਗੋਦ ਭਰਾਈ ਕੀਤੀ ਗਈ ਤੇ ਹੈਲਥੀ ਬੇਬੀਜ਼ ਤੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਆਪਣੇ ਸੰਬੋਧਨ ਵਿੱਚ ਪੋਸ਼ਟਿਕ ਆਹਾਰ ਖਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਰਭਵਤੀ ਔਰਤਾਂ, ਦੱੁਧ ਪਿਲਾਓ ਔਰਤਾਂ ਅਤੇ ਬੱਚਿਆਂ ਨੂੰ ਲਗਾਤਾਰ ਚੰਗੀ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ ਨੂੰ ਨਕਾਰਦੇ ਹੋਏ ਸੰਤੁਲਿਤ ਤੇ ਪੋਸ਼ਟਿਕ ਆਹਾਰ ਖਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਦੀ ਭੱਜ-ਦੋੜ ਵਾਲੀ ਜ਼ਿੰਦਗੀ ਵਿੱਚ ਸਾਨੂੰ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ। ਹਰੀਆਂ ਤੇ ਤਾਜ਼ਾਂ ਸਬਜ਼ੀਆਂ ਤੇ ਫਲ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਮਨਦੀਪ ਕੋਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਤਨਦੇਹੀ ਨਾਲ ਡਿਊਟੀ ਨਿਭਾ ਰਹੀਆਂ ਹਨ। ਉਨਾਂ ਹੋਰ ਵਧੀਆ ਕੰਮ ਕਰਨ ਲਈ ਉਨਾਂ ਨੂੰ ਪ੍ਰੇਰਿਤ ਵੀ ਕੀਤਾ। ਇਸ ਦੇ ਨਾਲ-ਨਾਲ ਪੋਸ਼ਣ ਅਭਿਆਨ ਤਹਿਤ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੀਆਂ ਵਰਕਰਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਵੀ ਵੰਡੇ ਗਏ।
ਇਸ ਤੋਂ ਪਹਿਲਾਂ ਸੀਡੀਪੀਓ ਬਟਾਲਾ, ਵਰਿੰਦਰ ਸਿੰਘ ਗਿੱਲ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ। ਉਨਾਂ ‘ਰਾਸ਼ਟਰੀ ਪੋਸ਼ਣ ਮਾਹ’ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕੀ ਇਹ ਪੋਸ਼ਣ ਮਾਹ ਹਰ ਸਾਲ ਸਤੰਬਰ ਮਹੀਨੇ ਮਨਾਇਆ ਜਾਂਦਾ ਹੈ। ਉਨਾਂ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਅਤੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਕਿਹੜੇ-ਕਿਹੜੇ ਆਹਾਰ ਲਏ ਜਾਣ, ਸੰਤੁਲਿਤ ਆਹਾਰ ਬਾਰੇ ਅਤੇ ਨਾਲ ਹੀ ਆਪਣੇ ਆਸ-ਪਾਸ ਤੇ ਖੁਦ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਅਧਿਆਪਕ ਨਵਦੀਪ ਸਿੰਘ ਤੇ ਆਂਗਣਵਾੜੀ ਵਰਕਰ ਹਰਦੀਪ ਕੋਰ ਨੇ ਰਾਸ਼ਟਰੀ ਪੋਸ਼ਣ ਆਹਾਰ ਬਾਰੇ ਵਿਸਥਾਰ ਪੂਰਵਕ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ ਬੱਚਿਆਂ ਅਤੇ ਆਂਗਣਵਾੜੀ ਵਰਕਰਾਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਂਗਣਵਾੜੀ ਵਰਕਰਾਂ ਵਲੋਂ ਜਾਗੋ ਤੇ ਗਿੱਧੇ ਦੀ ਬਹੁਤ ਵਧੀਆ ਪੇਸ਼ਕਾਰੀ ਦਿੱਤੀ ਗਈ। ਸਮਾਗਮ ਦੇ ਆਖਰ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਟਾਲਾ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਪੌਦੇ ਵੰਡ ਕੇ ਸਨਮਾਨਿਤ ਕੀਤਾ ਗਿਆ।