ਯਾਦਗਾਰਾਂ ਬਣਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਬਟਾਲਾ ਦੇ ਇਤਿਹਾਸ ਤੋਂ ਹੋ ਸਕਣਗੀਆਂ ਜਾਣੂ – ਪ੍ਰਧਾਨ ਬਲਦੇਵ ਸਿੰਘ ਰੰਧਾਵਾ
ਬਟਾਲਾ, 1 ਅਕਤੂਬਰ (ਬਿਊਰੋ ਰਿਪੋਰਟ ) – ਵਿਰਾਸਤੀ ਮੰਚ ਬਟਾਲਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਬਟਾਲਾ ਸ਼ਹਿਰ ਦੇ ਇਤਿਹਾਸ ਨਾਲ ਸਬੰਧਤ ਅਹਿਮ ਇਤਿਹਾਸਕ ਹਸਤੀਆਂ ਦੀ ਯਾਦ ਵਿੱਚ ਢੁਕਵੀਆਂ ਯਾਦਗਾਰਾਂ ਬਣਾਈਆਂ ਜਾਣ।
ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੰਚ ਦੇ ਸਮੂਹ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਪਰਪਿਤ ਖੂਬਸੂਰਤ ਯਾਦਗਾਰ ਉਸਾਰੀ ਜਾਵੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਦੋ ਵਾਰ ਬਟਾਲਾ ਸ਼ਹਿਰ ਨੂੰ ਫ਼ਤਹਿ ਕੀਤਾ ਸੀ ਉਨ੍ਹਾਂ ਦੀ ਯਾਦ ਵਿੱਚ ਜਲੰਧਰ ਬਾਈਪਾਸ ਚੌਂਕ ਦਾ ਨਾਮ ਰੱਖ ਕੇ ਇੱਕ ਵੱਡਾ ਬੁੱਤ ਸਥਾਪਤ ਕੀਤਾ ਜਾਵੇ। ਇਸ ਦੇ ਨਾਲ ਸਰਦਾਰਨੀ ਸਦਾ ਕੌਰ ਜੋ ਮਿਸਲਾਂ ਦੇ ਦੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਬਟਾਲਾ ਸ਼ਹਿਰ ਉੱਪਰ ਰਾਜ ਕਰਦੇ ਹਨ ਅਤੇ ਨਾਰੀ ਸਸ਼ਕਤੀਕਰਨ ਦੀ ਬਹੁਤ ਵੱਡੀ ਉਦਾਹਰਨ ਹਨ, ਉਨ੍ਹਾਂ ਦਾ ਬੁੱਤ ਵੀ ਸ਼ਹਿਰ ਵਿੱਚ ਸਥਾਪਤ ਕੀਤਾ ਜਾਵੇ। ਇਸਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਵਿਆਹ ਬਟਾਲਾ ਵਿਖੇ ਹੋਇਆ ਸੀ, ਉਨ੍ਹਾਂ ਦੀ ਯਾਦ ਵਿੱਚ ਵੀ ਚੌਂਕ ਦਾ ਨਾਮ ਰੱਖਿਆ ਜਾਵੇ।
ਪ੍ਰਧਾਨ ਬਲਦੇਵ ਸਿੰਘ ਨੇ ਅੱਗੇ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਜੋ ਕਿ ਬਟਾਲਾ ਸ਼ਹਿਰ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੀਆਂ ਸ਼ਹਿਰ ਵਿੱਚ ਮੌਜੂਦ ਯਾਦਗਾਰਾਂ ਦੀ ਸੰਭਾਲ ਵੱਲ ਧਿਆਨ ਦੇ ਕੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਿਸਲਾਂ ਦੇ ਦੌਰ ਦੌਰਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਅਧੀਨ ਵੀ ਬਟਾਲਾ ਰਿਹਾ ਹੈ ਅਤੇ ਸ. ਜੱਸਾ ਸਿੰਘ ਰਾਮਗੜ੍ਹੀਆ ਚੌਂਕ ਵਿਖੇ ਉਨ੍ਹਾਂ ਦਾ ਬੁੱਤ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਬਟਾਲਾ ਦੇ ਬਾਨੀ ਰਾਮ ਦੇਓ ਭੱਟੀ ਦੀ ਯਾਦਗਾਰ ਵੀ ਬਣਾਈ ਜਾਵੇ।
ਵਿਰਾਸਤੀ ਮੰਚ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹੀਦ ਸੁੱਖਾ ਸਿੰਘ, ਮਹਿਤਾਬ ਸਿੰਘ ਚੌਂਕ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸਨੂੰ ਖੂਬਸੂਰਤ ਦਿੱਖ ਦਿੱਤੀ ਜਾਵੇ। ਇਸਦੇ ਨਾਲ ਵਿਰਾਸਤੀ ਮੰਚ ਨੇ ਮੰਗ ਕੀਤੀ ਕਿ ਸ਼ਿਵ ਬਟਾਲਵੀ ਦੇ ਬੁੱਤ ਅਤੇ ਉਸਦੀ ਯਾਦਗਾਰ, ਸੁਰਜੀਤ ਸਿੰਘ ਹਾਕੀ ਖਿਡਾਰੀ ਦੇ ਬੁੱਤ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਵਿਰਾਸਤੀ ਮੰਚ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਪਰੋਕਤ ਇਤਿਹਾਸ ਹਸਤੀਆਂ ਜੋ ਕਿ ਬਟਾਲਾ ਸ਼ਹਿਰ ਨਾਲ ਹੀ ਸਬੰਧਤ ਹਨ ਉਨ੍ਹਾਂ ਦੀਆਂ ਯਾਦਗਾਰਾਂ ਬਣਨ ਨਾਲ ਬਟਾਲਾ ਸ਼ਹਿਰ ਦੇ ਇਤਿਹਾਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋ ਸਕਣਗੀਆਂ।
ਮੀਟਿੰਗ ਦੌਰਾਨ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ, ਇੰਦਰਜੀਤ ਸਿੰਘ ਹਰਪੁਰਾ, ਐਡਵੋਕੇਟ ਐੱਚ.ਐੱਸ. ਮਾਂਗਟ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰੋ. ਜਸਬੀਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਆਰਕੀਟੈਕਟ ਅਸ਼ੋਕ ਕੁਮਾਰ, ਜਤਿੰਦਰਪਾਲ ਸਿੰਘ ਵਿੱਕੀ ਭਾਟੀਆ, ਵਰਿੰਦਰ ਸਿੰਘ ਅੰਮੋਨੰਗਲ, ਐਡਵੋਕੇਟ ਐੱਚ.ਐੱਸ. ਮਾਂਗਟ, ਅਨੁਰਾਗ ਮਹਿਤਾ, ਬਲਵਿੰਦਰ ਸਿੰਘ ਪੰਜਗਰਾਈਆਂ, ਵੈਬੀਜੋਤ ਸਿੰਘ ਕਾਹਲੋਂ ਵੀ ਹਾਜ਼ਰ ਸਨ।