
—ਮਹਾਰਾਸ਼ਟਰ ਦੀਆਂ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਉਤਸ਼ਾਹ : ਜਸਪਾਲ ਸਿੰਘ ਸਿੱਧੂ
ਮੁੰਬਈ / ਅੰਮ੍ਰਿਤਸਰ, 13 ਸਤੰਬਰ -ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੀ ਭਾਜਪਾ ਸਰਕਾਰ ਵੱਲੋਂ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ 350ਵੀਂ ਗੁਰਤਾ ਗੱਦੀ ਸ਼ਤਾਬਦੀ ਨੂੰ ਰਾਜ ਪੱਧਰੀ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਰੂਪ–ਰੇਖਾ, ਪ੍ਰਬੰਧਕ ਕਮੇਟੀਆਂ ਅਤੇ ਵਿਸਥਾਰਪੂਰਵਕ ਪ੍ਰੋਗਰਾਮਾਂਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਮਹਾਰਾਸ਼ਟਰ ਦੀ ਧਰਤੀ ਉੱਤੇ ਵੱਸ ਰਿਹਾ ਸਿੱਖ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਇਤਿਹਾਸਕ ਜਜ਼ਬਾਤਾਂ ਨਾਲ ਜੁੜੀ ਬੇਮਿਸਾਲ ਸਵੀਕ੍ਰਿਤੀ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਇਤਿਹਾਸਕ ਘੋਸ਼ਣਾ ਬਾਰੇ ਜਾਣਕਾਰੀ ਦਿੰਦਿਆਂ ਮਹਾਰਾਸ਼ਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਮੁਖੀ ਸਰਦਾਰ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫ਼ੈਸਲਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੇ ਪ੍ਰਸਤਾਵ ਨੂੰ ਸਵੀਕਾਰਦਿਆਂ ਲਿਆ ਗਿਆ ਹੈ। ਰਾਜਪਾਲ ਮਹਾਰਾਸ਼ਟਰ ਦੀ ਪ੍ਰਵਾਨਗੀ ਹੇਠ 12 ਸਤੰਬਰ 2025 ਨੂੰ ਰਾਜ ਅਲਪਸੰਖਿਅਕ ਵਿਕਾਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਰਕਾਰੀ ਅਧਿਸੂਚਨਾ ਵਿੱਚ ਸੂਬੇ–ਪੱਧਰ ’ਤੇ ਇਨ੍ਹਾਂ ਦੋਵਾਂ ਗੁਰਪੁਰਬਾਂ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦੀ ਪੁਸ਼ਟੀ ਕੀਤੀ ਗਈ ਹੈ।
ਸਰਕਾਰੀ ਰੂਪ–ਰੇਖਾ ਅਨੁਸਾਰ, ਇਸ ਸਾਲ ਨਾਂਦੇੜ ਵਿੱਚ 15–16 ਨਵੰਬਰ, ਨਾਗਪੁਰ ਵਿੱਚ 6 ਦਸੰਬਰ ਅਤੇ ਨਵੀਂ ਮੁੰਬਈ ਵਿੱਚ 20–21 ਦਸੰਬਰ ਨੂੰ ਹੋਣ ਵਾਲੇ ਸਮਾਗਮਾਂ ਲਈ ਰਾਜ–ਪੱਧਰੀ ਤਾਲਮੇਲ ਕਮੇਟੀ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਹੈ। ਇਸਦੇ ਨਾਲ ਸਥਾਨਕ ਪ੍ਰਬੰਧਕ ਕਮੇਟੀਆਂ ਅਤੇ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ, ਤਾਂ ਜੋ ਧਾਰਮਿਕ, ਸਾਹਿਤਕ, ਸਭਿਆਚਾਰਕ ਅਤੇ ਵਿੱਦਿਅਕ ਪ੍ਰੋਗਰਾਮਾਂ ਨੂੰ ਵਿਆਪਕ ਪੱਧਰ ’ਤੇ ਸਫਲ ਬਣਾਇਆ ਜਾ ਸਕੇ।
ਇਸ ਯੋਜਨਾ ’ਚ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਅਤੇ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਹਿਮ ਭੂਮਿਕਾ ਦੇ ਨਾਲ ਸਿੱਖ ਸੰਗਤਾਂ, ਸਿਕਲੀਗਰ, ਲਬਾਣਾ, ਬੰਜਾਰਾ, ਮੋਹਯਾਲ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਰਹੇਗੀ। ਸਰਕਾਰ ਨੇ ਰਾਜ ਦੇ ਮੁੱਖ ਸਕੱਤਰ ਨੂੰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ, ਜਦਕਿ ਵੱਡੇ ਸੰਤ ਮਹਾਤਮਾ, ਸਿੱਖ ਪ੍ਰਤੀਨਿਧੀ, ਸਮਾਜਕ ਆਗੂ ਅਤੇ ਵਿਦਵਾਨ ਗੈਰ–ਅਧਿਕਾਰਕ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਹਨ। ਇਸਦੇ ਨਾਲ ਹੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਗੁਰੂ ਸਾਹਿਬ ਦੀ ਮਹਾਨ ਵਿਰਾਸਤ ਉੱਤੇ ਖੋਜ–ਆਧਾਰਤ ਪ੍ਰਕਾਸ਼ਨ, ਆਡੀਓ–ਵੀਡੀਓ ਸਮੱਗਰੀ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਜੋੜੇਗੀ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1675 ਵਿੱਚ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ ਦਿੱਤੀ। ਉਨ੍ਹਾਂ ਦੀ ਸ਼ਹੀਦੀ ਸਿਰਫ਼ ਸਿੱਖ ਕੌਮ ਹੀ ਨਹੀਂ, ਸਗੋਂ ਪੂਰੇ ਭਾਰਤੀ ਸਮਾਜ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ। ਗੁਰੂ ਸਾਹਿਬ ਦੀ ਸ਼ਹੀਦੀ ਨੇ ਭਵਿੱਖੀ ਪੀੜ੍ਹੀਆਂ ਲਈ ਸਚਾਈ, ਨਿਆਂ ਅਤੇ ਮਨੁੱਖਤਾ ਦੀ ਰੱਖਿਆ ਦਾ ਅਟੱਲ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਭਾਈ ਲੱਖੀ ਸ਼ਾਹ ਵਣਜਾਰੇ ਦੀ ਉਸ ਬੇਮਿਸਾਲ ਵਚਨਬੱਧਤਾ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰੀਰ ਦਾ ਅੰਤਿਮ ਸਸਕਾਰ ਆਪਣੇ ਘਰ ਸਮੇਤ ਕਾਫ਼ਲੇ ਨੂੰ ਅੱਗ ਲਗਾ ਕੇ ਕੀਤਾ ਸੀ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮਹਾਰਾਸ਼ਟਰ ਸਰਕਾਰ ਅਤੇ ਮੁੱਖ ਮੰਤਰੀ ਫੜਨਵੀਸ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਿੱਖ ਕੌਮ ਦੇ ਇਤਿਹਾਸਕ ਭਾਵਨਾ–ਪੱਖ ਨੂੰ ਸਵੀਕਾਰਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਅਸੀਸਾਂ ਅਤੇ ਸਰਕਾਰ ਤੇ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਸ਼ਹਾਦਤ, ਏਕਤਾ ਅਤੇ ਆਤਮਿਕ ਬਲ ਦਾ ਪ੍ਰਤੀਕ ਬਣਨਗੇ। ਸਮਾਗਮਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਉਪਦੇਸ਼ਾਂ ਅਤੇ ਸ਼ਹੀਦੀ ਸੰਦੇਸ਼ ਨੂੰ ਵਿਸ਼ਾਲ ਪੱਧਰ ‘ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਾ ਇਹ ਫ਼ੈਸਲਾ ਸਿਰਫ਼ ਸਿੱਖਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਅਤੇ ਭਾਈਚਾਰਿਆਂ ਦਾ ਵੀ ਸਨਮਾਨ ਹੈ। ਇਹ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਧਾਰਮਿਕ ਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਵਿੱਚ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਕਦਮ ਰਾਸ਼ਟਰੀ ਏਕਤਾ, ਅੰਤਰ–ਧਰਮ ਸਦਭਾਵਨਾ ਅਤੇ ਸਾਂਝੀ ਵਿਰਾਸਤ ਦੇ ਮਾਣ ਨੂੰ ਮਜ਼ਬੂਤ ਕਰੇਗਾ। ਇਨ੍ਹਾਂ ਸਮਾਗਮਾਂ ’ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਮੌਜੂਦ ਰਹਿਣਗੇ।
ਉਨ੍ਹਾਂ ਫੜਨਵੀਸ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹੇ ਵਣਜਾਰਾ, ਲੁਬਾਣਾ ਅਤੇ ਸਿਕਲੀਗਰ ਭਾਈਚਾਰਿਆਂ ਨੂੰ “ਭਟਕੇ ਵਿਮੁਕਤ ਜਾਤੀ” ਸ਼੍ਰੇਣੀ ਵਿੱਚ ਸ਼ਾਮਲ ਕਰਕੇ ਸਰਕਾਰੀ ਸਹੂਲਤਾਂ ਦਾ ਹੱਕ ਦੇਣ, ਸਿੱਖ ਗੁਰੂਆਂ ਅਤੇ ਸ਼ਹੀਦਾਂ ਦੀ ਵਿਲੱਖਣ ਵਿਰਾਸਤ ਨੂੰ ਸਿੱਖਿਆ ਰਾਹੀਂ ਨਵੀਂ ਪੀੜ੍ਹੀ ਨੂੰ ਪ੍ਰਦਾਨ ਕਰਨ ਵੱਲ ਇਤਿਹਾਸਕ ਕਦਮ ਚੁੱਕਦੇ ਹੋਏ ਸਰਕਾਰ ਵੱਲੋਂ ਪਾਠਕ੍ਰਮ ਵਿੱਚ ਸਿੱਖ ਸ਼ਹਾਦਤ (1500-1765) ‘ਤੇ ਇੱਕ ਚੋਣਵੇਂ ਕੋਰਸ ਨੂੰ ਸ਼ਾਮਲ ਕਰਨ, ਨਾਂਦੇੜ–ਮੁੰਬਈ ਵੰਦੇ ਭਾਰਤ ਰੇਲਗੱਡੀ ਚਲਾਉਣ, ਅਤੇ ਮਹਾਰਾਣੀ ਜਿੰਦਾ ਦੀ ਸਮਾਧ ਦੀ ਮੁੜ ਉਸਾਰੀ ਵਰਗੇ ਕੰਮਾਂ ਲਈ ਸਰਕਾਰ ਦੀ ਸ਼ਲਾਘਾ ਕੀਤੀ। ਰਾਜ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ ਨੇ ਵੀ ਸਰਕਾਰੀ ਐਲਾਨ ਦਾ ਸਵਾਗਤ ਕੀਤਾ ਹੈ।